ਅੰਮ੍ਰਿਤਸਰ 29 ਸਤੰਬਰ- ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਸ੍ਰੀ ਜੱਗੀ ਵਾਸੂਦੇਵ ਜੀ ਨੇ ਅੱਜ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਰਾਤ 8:00 ਵਜੇ ਦੇ ਕਰੀਬ ਇਥੇ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਮੈਂਬਰ ਬੀਬੀ ਕਿਰਨਜੋਤ ਕੌਰ, ਸਕੱਤਰ ਡਾ. ਰੂਪ ਸਿੰਘ ਅਤੇ ਮੈਨੇਜਰ ਸ. ਸੁਲੱਖਣ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸ਼ਰਧਾ ਨਾਲ ਪਰਿਕਰਮਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਈ ਅਤੇ ਕੀਰਤਨ ਵੀ ਸਰਵਣ ਕੀਤਾ। ਇਸ ਤੋਂ ਬਾਅਦ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਸ੍ਰੀ ਜੱਗੀ ਵਾਸੂਦੇਵ ਜੀ ਨੂੰ ਸ. ਬਲਦੇਵ ਸਿੰਘ ਕਾਇਮਪੁਰ, ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਕਿਰਨਜੋਤ ਕੌਰ, ਡਾ. ਰੂਪ ਸਿੰਘ ਤੇ ਸ. ਸੁਲੱਖਣ ਸਿੰਘ ਭੰਗਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੱੁਖਤਾ ਲਈ ਆਤਮਿਕ ਸ਼ਕਤੀ ਦਾ ਸੋਮਾ ਹੈ ਜਿਸਦੇ ਦਰਸ਼ਨ ਕਰਕੇ ਮਨੁੱਖ ਨੂੰ ਮੁਕੰਮਲ ਸ਼ਾਂਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਤੇ ਸ. ਹਰਪ੍ਰੀਤ ਸਿੰਘ, ਸੁਪਰਵਾਈਜ਼ਰ ਸ. ਸਰਤਾਜ ਸਿੰਘ ਆਦਿ ਮੌਜੂਦ ਸਨ।