ਜਥੇਦਾਰ ਅਵਤਾਰ ਸਿੰਘ ਨੇ ਟੀਮ ਨੂੰ ਵਧਾਈ ਦਿੱਤੀ

unnamed-5ਅੰਮ੍ਰਿਤਸਰ 28 ਅਕਤੂਬਰ (           ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਡਰ 19 ਹਾਕੀ ਟੀਮ ਨੇ ਮੋਹਾਲੀ ਵਿਖੇ ਹੋਏ ਰਾਜ ਪੱਧਰੀ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਤਿਆਰ ਹਾਕੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਇਕ ਗੋਲ ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ ਰੁਮਾਂਚਿਕ ਜਿੱਤ ਦਰਜ ਕਰਕੇ ਟਰਾਫੀ ‘ਤੇ ਕਬਜ਼ਾ ਕਰ ਲਿਆ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉੱਚ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੀ ਜੇਤੂ ਟੀਮ ਅਤੇ ਕੋਚ ਸ. ਪ੍ਰੇਮ ਸਿੰਘ ਨੂੰ ਵਧਾਈ ਦਿੱਤੀ ਹੈ। ਟੀਮ ਨੂੰ ਸ. ਸਤਿੰਦਰਬੀਰ ਸਿੰਘ ਡੀ ਓ ਤੇ ਸ. ਕੁਲਜਿੰਦਰ ਸਿੰਘ ਏ ਈ ਓ ਅੰਮ੍ਰਿਤਸਰ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨੀ ਨੂੰ ਰਿਸ਼ਟ-ਪੁਸ਼ਟ ਰੱਖਣ ਦਾ ਉਪਰਾਲਾ ਕਰਦਿਆਂ ਦੇਸ਼ ਦੀ ਰਾਸ਼ਟਰੀ ਖੇਡ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਦੀ ਮਨਸ਼ਾ ਤਹਿਤ ਸਾਲ 2013 ਵਿੱਚ ਫਰੀਦਕੋਟ, ਸ੍ਰੀ ਫਤਹਿਗੜ੍ਹ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 3 ਹਾਕੀ ਅਕੈਡਮੀਆਂ ਸਥਾਪਤ ਕੀਤੀਆਂ ਹਨ ਜਿਸ ਵਿੱਚ ਪੰਜਾਬ ਭਰ ਤੋਂ ਹਾਕੀ ਖੇਡਣ ਵਾਲੇ ਸਾਬਤ ਸੂਰਤ ਤਕਰੀਬਨ 100 ਖਿਡਾਰੀ ਹਾਕੀ ਦੀ ਮਿਆਰੀ ਕੋਚਿੰਗ ਲੈ ਰਹੇ ਹਨ।

ਸ. ਕੇਵਲ ਸਿੰਘ ਵਧੀਕ ਸਕੱਤਰ ਸਪੋਰਟਸ ਨੇ ਦੱਸਿਆ ਕਿ ਇਨ੍ਹਾਂ ਅਕੈਡਮੀਆਂ ਵਿੱਚ ਕੋਚਿੰਗ ਲੈ ਰਹੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਵਿਦਿਆ, ਖਾਣਾ ਤੇ ਰਿਹਾਇਸ਼ ਆਦਿ ਪ੍ਰਦਾਨ ਕੀਤੀ ਜਾ ਰਹੀ ਹੈ।