ਕੌਮ ਦੇ ਨਾਮ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਦੇਸ਼ ਦੇਣਗੇ

ਅੰਮ੍ਰਿਤਸਰ 28 ਅਕਤੂਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ (ਦੀਵਾਲੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 30 ਅਕਤੂਬਰ 2016 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਆਪਣੀਆਂ ਸ਼ਰਤਾਂ ‘ਤੇ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਦੀ ਰਿਹਾਈ ਜ਼ੁਲਮ ਵਿਰੁੱਧ ਖ਼ਾਲਸੇ ਦੀ ਸ਼ਾਨਦਾਰ ਫਤਹਿ ਸੀ।ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਨੂੰ ਮਨਾਉਣ ਹਿਤ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾ ਕੇ ਸ਼ਹਾਦਤ ਦਿੱਤੀ ਤੇ ਹੋਰ ਵੀ ਅਨੇਕਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ।ਉਨ੍ਹਾਂ ਕਿਹਾ ਕਿ ਇਸ ਦਿਨ ਦੀ ਯਾਦ ਨੂੰ ਮਨਾਉਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 29, 30 ਅਤੇ 31 ਅਕਤੂਬਰ ਨੂੰ ਧਾਰਮਿਕ ਦੀਵਾਨ ਸਜਣਗੇ ਜਿਸ ਵਿੱਚ ਭਾਈ ਗੁਰਿੰਦਰਪਾਲ ਸਿੰਘ ਬੈਂਕਾ, ਭਾਈ ਰਣਜੀਤ ਸਿੰਘ ਮੱਖਣਵਿੰਡੀ, ਭਾਈ ਸੁਲੱਖਣ ਸਿੰਘ ਰਿਆੜ ਤੇ ਭਾਈ ਗੁਰਨਾਮ ਸਿੰਘ ਕਲਾਨੌਰ ਦੇ ਢਾਡੀ ਜਥੇ ਦੁਪਹਿਰ ੧ ਤੋਂ ਸ਼ਾਮ ੫ ਵਜੇ ਤੀਕ ਸੰਗਤਾਂ ਨੂੰ ਬੀਰ-ਰਸੀ ਵਾਰਾਂ ਰਾਹੀ ਗੁਰ ਇਤਿਹਾਸ ਸਰਵਣ ਕਰਵਾਉਣਗੇ।ਉਨ੍ਹਾਂ ਕਿਹਾ ਕਿ ਭਾਈ ਬਲਦੇਵ ਸਿੰਘ ਐਮ ਏ, ਭਾਈ ਮੇਜਰ ਸਿੰਘ ਖਾਲਸਾ ਲੋਹੀਆਂ, ਭਾਈ ਗੁਰਪ੍ਰਤਾਪ ਸਿੰਘ ਪਦਮ, ਭਾਈ ਪੂਰਨ ਸਿੰਘ ਅਰਸ਼ੀ, ਭਾਈ ਸਵਿੰਦਰ ਸਿੰਘ ਭੰਗੂ ਤੇ ਭਾਈ ਮਿਲਖਾ ਸਿੰਘ ਮੌਜੀ ਦੇ ਕਵੀਸ਼ਰੀ ਜਥਿਆਂ ਵੱਲੋਂ ਰਾਤ ੮ ਤੋਂ ੨ ਵਜੇ ਤੀਕ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਜਾਵੇਗਾ।

ਸ. ਬੇਦੀ ਨੇ ਕਿਹਾ ਕਿ 29 ਅਕਤੂਬਰ ਤੋਂ 31 ਅਕਤੂਬਰ ਤੀਕ ਤਿੰਨ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ।ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਕੌਮ ਦੇ ਨਾਮ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸ਼ਾਮ 5 ਵਜੇ ਦੇਣਗੇ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।