ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਭਾਈ ਸਰਫਰਾਜ਼ ਦੇ ਜਥੇ ਨੂੰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ – ਭਾਈ ਲੌਂਗੋਵਾਲ

ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਇਤਿਹਾਸਕ ਹੋਵੇਗਾ – ਭਾਈ ਲੌਂਗੋਵਾਲ

ਚੰਡੀਗੜ੍ਹ, 8 ਜੁਲਾਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਪਾਕਿਸਤਾਨ ਵਿਖੇ ਵਿਦਿਆ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਾਬਾ ਗੁਰਪਾਲ ਸਿੰਘ ਪਿਸ਼ਾਵਰ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇਥੇ ਸਥਿਤ ਉਪ ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਭਾਈ ਲਾਲ ਜੀ ਦੇ ਪੋਤਰੇ ਕੀਰਤਨੀਏ ਭਾਈ ਸਰਫਰਾਜ਼ ਦੇ ਜਥੇ ਨੂੰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਕੱਤਰਤਾ ’ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਵਿੱਚੋਂ ਭਾਈ ਸਰਫਰਾਜ਼ ਦੇ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਮਹੀਨੇ ਸਹਾਇਤਾ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਰਾਗੀ ਭਾਈ ਲਾਲ ਜੀ ਦੀ ਨੂੰਹ ਨੂੰ ਅੱਖਾਂ ਦੇ ਇਲਾਜ਼ ਦੇ ਇਲਾਜ਼ ਲਈ ਸ਼੍ਰੋਮਣੀ ਕਮੇਟੀ 11 ਹਜ਼ਾਰ ਰੁਪਏ ਦੀ ਮੱਦਦ ਕਰੇਗੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿਖੇ ਸਿੱਖ ਨੌਜੁਆਨਾਂ ਨੂੰ ਗਤਕਾ ਸਿਖਲਾਈ ਲਈ ਗਤਕਾ ਕਿੱਟਾਂ ਵੀ ਭੇਜੀਆਂ ਜਾਣਗੀਆਂ ਅਤੇ ਪਾਕਿਸਤਾਨ ਵਿਖੇ ਮੈਰਿਟ ਵਿਚ ਆਏ ਚਾਰ ਸਿੱਖ ਬੱਚਿਆਂ ਨੂੰ ਵੀ 11-11 ਹਜ਼ਾਰ ਰੁਪਏ ਹੌਂਸਲਾ ਅਫ਼ਜਾਈ ਵਜੋਂ ਦਿੱਤੇ ਜਾਣਗੇ। ਹੋਰ ਫੈਸਲਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੇ ਮੋਢੀ ਆਗੂ ਡਾ. ਸੰਤੋਖ ਸਿੰਘ ਦੀ ਯਾਦ ਵਿਚ ਭੋਪਾਲ ਸਥਿਤ ਲਾਇਬ੍ਰੇਰੀ ਨੂੰ 1 ਲੱਖ ਰੁਪਏ ਸਹਾਇਤਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜੰਮੂ ਵਿਚ ਕੌਣ ਬਣੇਗਾ ਗੁਰਸਿੱਖ ਪਿਆਰਾ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ 50 ਬੱਚਿਆਂ ਦੀ ਫੀਸ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ 25 ਜੁਲਾਈ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਇਆ ਜਾਣ ਵਾਲਾ ਅੰਤਰਰਾਸ਼ਟਰੀ ਨਗਰ ਕੀਰਤਨ ਇਤਿਹਾਸਕ ਹੋਵੇਗਾ ਅਤੇ ਇਸ ਦੀਆਂ ਤਿਆਰੀਆਂ ਲਈ ਪਾਕਿਸਤਾਨ ਦੇ ਨਾਲ-ਨਾਲ ਪੂਰੇ ਭਾਰਤ ਅੰਦਰ ਅਗਾਂਊਂ ਪ੍ਰਬੰਧ ਲਈ ਨਿੱਗਰ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਰੂਟ ਸਬੰਧੀ ਰੂਪ-ਰੇਖਾ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਪਾਕਿਸਤਾਨ ਤੋਂ ਭਾਰਤ ਦਾਖ਼ਲ ਹੋਣ ਮਗਰੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੱਕ ਪਹੁੰਚ ਕਰੇਗਾ ਅਤੇ ਕਰੀਬ 100 ਦਿਨ ਮਗਰੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਆਲ ਸਿੱਖ ਅਸਾਮ ਯੂਥ ਐਸੋਸੀਏਸ਼ਨ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਗਸਤ 2019 ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਲਈ 5 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇਗੀ। ਇਕੱਤਰਤਾ ਦੌਰਾਨ ਗੁਜਰਾਤ ਦੇ ਸਿਕਲੀਗਰ ਸਿੱਖ ਬੱਚਿਆਂ ਨੂੰ ਪੜ੍ਹਾਈ ਲਈ ਸਹਾਇਤਾ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੈਪਟਨ ਅਵਤਾਰ ਸਿੰਘ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਕਰਦਿਆਂ ਸ਼ੋਕ ਮਤਾ ਕੀਤਾ ਗਿਆ।
ਇਕੱਤਰਤਾ ’ਚ ਭਾਈ ਲੌਂਗੋਵਾਲ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਬੱਪੀਆਣਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਅਵਤਾਰ ਸਿੰਘ ਵਣਵਾਲਾ, ਸ. ਤੇਜਿੰਦਰ ਸਿੰਘ ਢਿੱਲੋਂ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਅਵਤਾਰ ਸਿੰਘ ਸੈਂਪਲਾ, ਸ. ਪਰਮਜੀਤ ਸਿੰਘ ਸਰੋਆ, ਸ. ਲਖਬੀਰ ਸਿੰਘ, ਸ. ਦਰਸ਼ਨ ਸਿੰਘ ਨਿੱਜੀ ਸਹਾਇਕ, ਸ. ਗੁਰਿੰਦਰਪਾਲ ਸਿੰਘ ਠਰੂ ਤੇ ਸ. ਵਰਿੰਦਰ ਸਿੰਘ ਠਰੂ ਸੁਪਰਵਾਈਜ਼ਰ ਆਦਿ ਵੀ ਮੌਜੂਦ ਸਨ।