ਅੰਮ੍ਰਿਤਸਰ, 8 ਜੁਲਾਈ-
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 25 ਜੁਲਾਈ ਨੂੰ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਸਿੱਖ ਆਗੂਆਂ ਦੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਤ ਕੀਤੀ ਗਈ ਇਸ ਉੱਚ ਪੱਧਰੀ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਨਗਰ ਕੀਰਤਨ ਦੇ ਰੂਟ ਨੂੰ ਅੰਤਮ ਛੋਹ ਦਿੱਤੀ ਗਈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਰਵੇਂ ਸਵਾਗਤ ਦੇ ਨਾਲ-ਨਾਲ ਹੋਰ ਪ੍ਰਬੰਧਾਂ ਸਬੰਧੀ ਵੀ ਵਿਚਾਰ-ਚਰਚਾ ਕੀਤੀ। ਇਕੱਤਰਤਾ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋ ਕੇ 25 ਜੁਲਾਈ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜਣ ਮੌਕੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਵੇਗਾ। ਇਥੇ ਸੰਤ ਮਹਾਂਪੁਰਸ਼, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ, ਸਭਾ ਸੁਸਾਇਟੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਤਿਕਾਰ ਲਈ ਅਟਾਰੀ ਵਿਖੇ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਬੱਚੇ, ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਵੀ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਨੂੰ ਯਾਦਗਾਰੀ ਅਤੇ ਇਤਿਹਾਸਕ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਮੌਕੇ ਵੱਖ-ਵੱਖ ਸਿੱਖ ਆਗੂਆਂ ਨੇ ਆਪੋ-ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ ਹਨ, ਜਿਨ੍ਹਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 25 ਜੁਲਾਈ ਨੂੰ ਨਗਰ ਕੀਰਤਨ ਰਾਤ ਦਾ ਵਿਸ਼ਰਾਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰੇਗਾ ਅਤੇ ਇਥੋਂ 26 ਜੁਲਾਈ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ 22 ਅਗਸਤ ਤੱਕ ਦਾ ਰੂਟ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਤੋਂ ਅਗਲਾ ਰੂਟ ਵੀ ਜਲਦ ਤਿਆਰ ਕੀਤਾ ਜਾਵੇਗਾ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਲਈ ਮੁਬਾਰਕ ਮੌਕਾ ਹੈ ਅਤੇ ਇਸ ਸਬੰਧੀ ਹੋਣ ਵਾਲੇ ਸਾਰੇ ਸਮਾਗਮਾਂ ਨੂੰ ਮਿਲਜੁਲ ਕੇ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਸਿੱਖ ਮਿਸ਼ਨਾਂ ਦੇ ਇੰਚਾਰਜਾਂ ਅਤੇ ਪ੍ਰਚਾਰਕਾਂ ਦੀ ਵੀ ਨਗਰ ਕੀਰਤਨ ਸਬੰਧੀ ਇਕੱਤਰਤਾ ਕੀਤੀ ਗਈ।

ਇਸ ਮੌਕੇ ਇਕੱਤਰਤਾ ਵਿਚ ਜਥੇਦਾਰ ਤੋਤਾ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਮੈਂਬਰ ਭਾਈ ਰਾਮ ਸਿੰਘ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਗੁਰਮੀਤ ਸਿੰਘ ਬੂਹ, ਸ. ਨਵਤੇਜ ਸਿੰਘ ਕਾਉਣੀ, ਸ. ਅਜਮੇਰ ਸਿੰਘ ਖੇੜਾ, ਸ. ਦਰਬਾਰਾ ਸਿੰਘ ਗੁਰੂ, ਸ. ਪੀ.ਐਸ. ਪਸਰੀਚਾ, ਸ. ਜਸਬੀਰ ਸਿੰਘ ਮੁੰਬਈ, ਸ. ਬਲਦੇਵ ਸਿੰਘ ਮਾਨ, ਸ. ਸੁਰਜੀਤ ਸਿੰਘ ਗੰਗਾਨਗਰ, ਸ. ਹਰਮਨਜੀਤ ਸਿੰਘ ਦਿੱਲੀ, ਸਕੱਤਰ ਸ. ਮਨਜੀਤ ਸਿੰਘ ਬਾਠ, ਮੀਤ ਸਕੱਤਰ ਸ. ਸਕੱਤਰ ਸਿੰਘ ਸ. ਸੁਲੱਖਣ ਸਿੰਘ ਭੰਗਾਲੀ, ਸ. ਨਿਸ਼ਾਨ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਸ. ਸਿਮਰਜੀਤ ਸਿੰਘ ਕੰਗ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਗੁਰਮੀਤ ਸਿੰਘ ਰਾਏਪੁਰ, ਸ. ਸਵਰਨ ਸਿੰਘ ਜੰਮੂ, ਸ. ਮੰਗਪ੍ਰੀਤ ਸਿੰਘ, ਸ. ਸਰਬਜੀਤ ਸਿੰਘ ਢੋਟੀਆਂ, ਸ. ਕਰਤਾਰ ਸਿੰਘ, ਸ. ਭੋਲਾ ਸਿੰਘ, ਸ. ਹਰਭਿੰਦਰ ਸਿੰਘ, ਸ. ਸਰਜਬੀਤ ਸਿੰਘ ਲੁਧਿਆਣਾ, ਸ. ਬਲਵੰਤ ਸਿੰਘ ਐਨੋਕੋਟ, ਸ. ਹਰਜੀਤ ਸਿੰਘ, ਸ. ਸੁਰਿੰਦਰਪਾਲ ਸਿੰਘ ਸਮਾਣਾ, ਸ. ਬਿਕਰਮਜੀਤ ਸਿੰਘ ਝੰਗੀ, ਸ. ਕਰਨਜੀਤ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ ਆਦਿ ਮੌਜੂਦ ਸਨ।