ਅੰਮ੍ਰਿਤਸਰ, 13 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵੱਲੋਂ ਬੀਤੇ ਦਿਨਾਂ ਤੋਂ ਆਰੰਭ ਕੀਤੇ ਗਏ ਸਹਿਜ ਪਾਠ ਸਾਹਿਬ ਦੀ ਸੰਪੂਰਨਤਾ ’ਤੇ ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਭੋਗ ਪਾਇਆ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਮਗਰੋਂ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਹਿਜ ਪਾਠ ਸਾਹਿਬ ਦੇ ਭੋਗ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੀਤ ਸਕੱਤਰ ਸ. ਗੁਰਬਚਨ ਸਿੰਘ ਲੇਹਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਗੁਰਪ੍ਰੀਤ ਸਿੰਘ ਸਮੇਤ ਪਬਲੀਕੇਸ਼ਨ ਵਿਭਾਗ ਦਾ ਸਟਾਫ ਹਾਜ਼ਰ ਸੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੇ ਮਨੁੱਖਤਾ ਦੀ ਸਲਾਮਤੀ ਲਈ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕੰਮਲ ਸਹਿਜ ਪਾਠ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦਾ ਪਾਠ ਅਤੇ ਅਰਦਾਸ ਮਨੁੱਖਤਾ ਲਈ ਧਰਵਾਸ ਹੈ, ਜਿਸ ਨਾਲ ਸੰਕਟ ਵਿੱਚੋਂ ਉਭਰਨ ਦੀ ਸ਼ਕਤੀ ਮਿਲਦੀ ਹੈ।