ਅੰਮ੍ਰਿਤਸਰ, 13 ਮਈ-
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਪਾਇਲ ਦੀ ਸੰਗਤ ਵੱਲੋਂ ਅੱਜ 500 ਕੁਇੰਟਲ ਕਣਕ ਭੇਟ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਰਘਬੀਰ ਸਿੰਘ ਸਹਾਰਨਮਾਜ਼ਰਾ ਅਤੇ ਸ. ਈਸ਼ਰ ਸਿੰਘ ਮਿਹਰਬਾਨਪੁਰਾ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿਚ ਹਲਕੇ ਦੀ ਸਮੁੱਚੀ ਸੰਗਤ ਵੱਲੋਂ ਇਹ ਸੇਵਾ ਭੇਜੀ ਗਈ ਹੈ। ਇਸ ਮੌਕੇ ਸ. ਸਹਾਰਨਮਾਜ਼ਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਲਈ ਜੋ ਲੰਗਰ ਸੇਵਾ ਕੀਤੀ ਹੈ, ਉਸ ਨਾਲ ਪੂਰੀ ਦੁਨੀਆਂ ਅੰਦਰ ਸਾਰਥਿਕ ਸੁਨੇਹਾ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਦੁਨੀਆ ਦੇ ਸਿੱਖਾਂ ਨੇ ਵੀ ਇਸ ਸੰਕਟ ਸਮੇਂ ਮਨੁੱਖਤਾ ਦੀ ਅੱਗੇ ਹੋ ਕੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਗੁਰੂ ਕਾ ਲੰਗਰ ਛਕਾਉਣਾ ਸਿੱਖ ਧਰਮ ਦੀ ਪਰੰਪਰਾ ਹੈ ਅਤੇ ਲੰਗਰ ਹਮੇਸ਼ਾਂ ਤੋਂ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਆਇਆ ਹੈ। ਇਸ ਸਮੇਂ ਵੀ ਸੰਗਤ ਵਿਚ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਜਣ ਲਈ ਵੱਡਾ ਉਤਸ਼ਾਹ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਹੋਰਾਂ ਨੇ ਕਣਕ ਲੈ ਕੇ ਪੁੱਜੀ ਸੰਗਤ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ, ਸ. ਸਕੱਤਰ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਗੁਰਜੀਤ ਸਿੰਘ ਪੰਧੇਰਖੇੜੀ, ਜਥੇਦਾਰ ਪ੍ਰਿਤਪਾਲ ਸਿੰਘ, ਸ. ਜੋਰਾ ਸਿੰਘ ਸਹਾਰਨਮਾਜ਼ਰਾ, ਸ. ਜਸਵੀਰ ਸਿੰਘ ਪੰਧੇਰਖੇੜੀ, ਸ. ਗੁਰਪ੍ਰੀਤ ਸਿੰਘ ਮਕਸੂਦੜਾ, ਸ. ਬੇਅੰਤ ਸਿੰਘ ਪੰਧੇਰਖੇੜੀ, ਸ. ਹਰਜੀਵਨ ਸਿੰਘ ਹਾਜ਼ਰ ਸਨ। 
ਇਸੇ ਦੌਰਾਨ ਗੁਰਦਾਸਪੁਰ ਦੇ ਨਗਰ ਸ਼ਹੂਰ ਦੀਆਂ ਸੰਗਤਾਂ ਵੀ ਸਾਂਝੇ ਉਦਮ ਨਾਲ 40 ਕੁਇੰਟਲ ਕਣਕ ਲੈ ਕੇ ਸ੍ਰੀ ਦਰਬਾਰ ਸਾਹਿਬ ਪੁੱਜੀਆਂ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਲੰਗਰ ਸ. ਸੁਖਬੀਰ ਸਿੰਘ ਨੇ ਸਨਮਾਨ ਕੀਤਾ। ਸ਼ਹੂਰ ਦੀਆਂ ਸੰਗਤਾਂ ਵੱਲੋਂ ਇਹ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਦੀ ਪ੍ਰੇਰਨਾ ਨਾਲ ਕੀਤੀ ਗਈ।