ਮੱਧ ਪ੍ਰਦੇਸ਼ ਵਿਚ ਕੋਈ ਵੀ ਸਿਕਲੀਗਰ ਸਿੱਖ ਪਰਿਵਾਰ, ਨੌਜੁਆਨ ਧਰਮ ਤਬਦੀਲ ਨਹੀਂ ਕਰ ਰਿਹਾ –ਭਾਈ ਰਾਮ ਸਿੰਘ

ਅੰਮ੍ਰਿਤਸਰ, ੧੩ ਮਈ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੱਧ ਪ੍ਰਦੇਸ਼ ਅੰਦਰ ਵੱਸਦੇ ਸਿਕਲੀਗਰ ਸਿੱਖਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫਦ ਨੇ ਮੱਧ ਪ੍ਰਦੇਸ਼ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ ਸਿਕਲੀਗਰ ਸਿੱਖ ਨੌਜੁਆਨਾਂ ਦੇ ਪੰਥਕ ਇਕੱਠ ਨਾਲ ਜ਼ਰੂਰੀ ਵਿਚਾਰਾਂ ਕੀਤੀਆਂ ਗਈਆਂ ਤੇ ਇਥੇ ਵੱਸ ਰਹੇ ਸਿੱਖਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ। ਚਾਰ ਮੈਂਬਰੀ ਸ਼੍ਰੋਮਣੀ ਕਮੇਟੀ ਵਫਦ ਦੀ ਅਗਵਾਈ ਕਰ ਰਹੇ ਭਾਈ ਰਾਮ ਸਿੰਘ ਅੰਤ੍ਰਿੰਗ ਮੈਂਬਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਿਕਲੀਗਰ ਸਿੱਖਾਂ ਦੀ ਹਿਮਾਇਤ ਲਈ ਭੇਜੇ ਗਏ ਸ਼੍ਰੋਮਣੀ ਕਮੇਟੀ ਵਫਦ ਨੇ ਅੱਜ ਇਥੋਂ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ ਸੈਂਕੜੇ ਕਿਲੋਮੀਟਰ ਜੰਗਲਾਂ ਦਾ ਸਫਰ ਤੈਅ ਕਰਕੇ ਇਸ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਸਿੱਖ ਨੌਜੁਆਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਇਕੱਠ ਵਿਚ ਕਈ ਘੰਟੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਉਨ੍ਹਾਂ ਦੇ ਦੁੱਖ-ਦਰਦ ਸਮਝਦਿਆਂ ਉਨ੍ਹਾਂ ਨੂੰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਰ ਸਮੇਂ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਫਦ ਨੇ ਇਥੋਂ ਦੇ ਸਿੱਖਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਅਖਬਾਰਾਂ, ਟੀ.ਵੀ.ਚੈਨਲਾਂ ‘ਤੇ ਹੋ ਰਹੇ ਝੂਠ ਪ੍ਰਚਾਰ ਕਿ ਸਿਕਲੀਗਰ ਸਿੱਖ ਧਰਮ ਤਬਦੀਲ ਕਰ ਰਹੇ ਹਨ ਮਗਰ ਇਸ ਜਗ੍ਹਾ ਪੁਰ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਥੋਂ ਦੇ ਸਿੱਖ ਨੌਜੁਆਨ ਜੋ ਸ਼੍ਰੋਮਣੀ ਕਮੇਟੀ ਦੇ ਵਫਦ ਨਾਲ ਗੱਲਬਾਤ ਕਰਨ ਲਈ ਇਥੇ ਪੁੱਜੇ ਸਨ ਉਨ੍ਹਾਂ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਵਫਦ ਅਤੇ ਦੁਨੀਆਂ ਵਿਚ ਵੱਸਦੇ ਸਿੱਖਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਸਿੱਖ ਸਿੰਘ ਹਨ ਤੇ ਕੋਈ ਵੀ ਸਿਕਲੀਗਰ ਸਿੱਖ ਪਰਿਵਾਰ (ਮੱਧ ਪ੍ਰਦੇਸ਼) ਵਿਚ ਧਰਮ ਤਬਦੀਲ ਨਹੀਂ ਕਰ ਰਿਹਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵਫਦ ਨੇ ਮੱਧ ਪ੍ਰਦੇਸ਼ ਸਰਕਾਰ ਕੋਲੋਂ ਮੰਗ ਕੀਤੀ ਕਿ ਸਿਕਲੀਗਰ ਸਿੱਖ ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬੰਦ ਸਾਹਿਬ ਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਰਿਵਾਇਤੀ ਸ਼ਸਤਰ ਬਰਛੇ, ਭਾਲੇ, ਕਿਰਪਾਨਾਂ ਆਦਿ ਬਣਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ ਉਨ੍ਹਾਂ ‘ਤੇ ਮਨਘੜਤ ਸ਼ਰਾਰਤਪੂਰਵਕ ਅਤੇ ਸਿੱਖਾਂ ਨੂੰ ਡਰਾਉਣ ਖਾਤਰ ਬਣਾਏ ਝੂਠੇ ਮੁਕੱਦਮੇ ਤੁਰੰਤ ਵਾਪਸ ਲਏ ਜਾਣ, ਸਥਾਨਕ ਪੁਲਿਸ ਵੱਲੋਂ ਸਰਕਾਰ ਦੇ ਇਸ਼ਾਰੇ ‘ਤੇ ਗ੍ਰਿਫਤਾਰ ਕੀਤੇ ਸਿੱਖ ਤੁਰੰਤ ਰਿਹਾਅ ਕਰਕੇ ਸਥਾਨਕ ਸਿੱਖਾਂ ਨੂੰ ਸਰਕਾਰ ਮੁੜ ਵਸੇਬਾ ਕਰਨ ਲਈ ਠੋਸ ਉਪਰਾਲੇ ਕਰੇ। ਉਨ੍ਹਾਂ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਸਿਕਲੀਗਰ ਮੱਧ ਪ੍ਰਦੇਸ਼ ਦੇ ਜੰਗਲਾਂ ਵਿਚ ਗੁਰਬਤ ਵੱਸਦੇ ਇਨ੍ਹਾਂ ਸਿੱਖ ਪਰਿਵਾਰਾਂ ਲਈ ਠੋਸ ਉਪਰਾਲੇ ਕਰਦਿਆਂ ਸ਼ਹਿਰਾਂ ਅਤੇ ਕਸਬਿਆਂ ਦੇ ਨੇੜੇ ਕਾਲੋਨੀਆਂ ਕੱਟ ਕੇ ਇਨ੍ਹਾਂ ਦੇ ਪਰਿਵਾਰਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦਲ ਦੇ ਆਗੂ ਭਾਈ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਥੋਂ ਦੇ ਵੱਸਦੇ ਸਿੱਖ ਨੌਜੁਆਨਾਂ (ਅਤੇ ਪਰਿਵਾਰਾਂ) ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਵਿਸ਼ਵਾਸ ਦਿਵਾਇਆ ਕਿ ਜੋ ਨੌਜੁਆਨ ਹੱਥੀਂ ਕਿੱਤਾ ਵੈਲਡਿੰਗ ਸੈਟ, ਲੱਕੜ, ਫਰਨੀਚਰ ਦਾ ਕੰਮ ਜਾਣਦੇ ਹਨ ਉਨ੍ਹਾਂ ਸਿੱਖ ਲੋੜਵੰਦ ਨੌਜੁਆਨਾਂ ਦੀ ਮੰਗ ਅਨੁਸਾਰ ਸੰਦ-ਸਮਾਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜੋ ਸਿੱਖ ਨੌਜੁਆਨ ਨੌਕਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਕਲੀਗਰ ਸਿੱਖਾਂ ਦੇ ਕੇਸਾਂ ਨੂੰ ਖਤਮ ਕਰਾਉਣ ਲਈ ਜਲਦ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਉਚ ਪੱਧਰੀ ਵਫਦ ਮੁੱਖ ਮੰਤਰੀ ਮੱਧ ਪ੍ਰਦੇਸ਼ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਫਿਰ ਵੀ ਇਨ੍ਹਾਂ ਸਿੱਖ ਪਰਿਵਾਰਾਂ ਦੀ ਸੁਣਵਾਈ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਪ੍ਰਧਾਨ ਮੰੰਤਰੀ ਨਾਲ ਮੁਲਾਕਾਤ ਕਰਨਗੇ। ਅਗਰ ਸਿਕਲੀਗਰ ਸਿੱਖਾਂ ਨੂੰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਦੇਸ਼ ਦੀ ਪਾਰਲੀਮੈਂਟ ਦੇ ਸਾਹਮਣੇ ਧਰਨਾ ਦੇਣਗੇ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਦੇ ਵਫਦ ਵਿਚ  ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਮੱਧ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਸ. ਗੁਰਦੀਪ ਸਿੰਘ ਭਾਟੀਆ ਅਤੇ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਸ. ਮਹਿੰਦਰ ਸਿੰਘ ਆਦਿ ਸ਼ਾਮਲ ਸਨ।