ਯੁੱਧ ਵਿਦਿਆ ਦਾ ਮੁੱਢਲਾ ਸਬਕ ਗੱਤਕਾ ਨੌਜੁਆਨੀ ਅੰਦਰ ਜੁਝਾਰੂ ਜਜ਼ਬਾ ਉਜਾਗਰ ਕਰਦੈ -ਪ੍ਰੋ. ਬਡੂੰਗਰ

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਮਈ (          ) – ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਦੋ ਰੋਜ਼ਾ ਸਤਵੇਂ ਇੰਟਰਨੈਸ਼ਨਲ ਗਤਕਾ ਮੁਕਾਬਲੇ ਖ਼ਾਲਸਾਈ ਰੰਗ ਬਿਖ਼ੇਰਦੇ ਹੋਏ ਸਮਾਪਤ ਹੋ ਗਏ। ਲੜਕਿਆਂ ਦੇ ਫਾਈਟ ਮੁਕਾਬਲਿਆਂ ਵਿੱਚੋਂ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਚੱਪੜਚਿੜੀ ਵਾਰੀਅਰਜ ਟੀਮ ਦੇ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨਰਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਝਤਰ ਹਜ਼ਾਰ ਰੁਪਏ ਦਾ ਦੂਸਰਾ ਇਨਾਮ ਬਨੂੜ ਵਾਰੀਅਰਜ ਦੇ ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ ਅਤੇ ਅਜੈਪਾਲ ਸਿੰਘ ਨੇ ਪ੍ਰਾਪਤ ਕੀਤਾ ਜਦਕਿ ਪੰਜਾਹ ਹਜ਼ਾਰ ਰੁਪਏ ਦਾ ਤੀਸਰਾ ਇਨਾਮ ਰੈਸਟ ਆਫ਼ ਇੰਡੀਆ ਟੀਮ ਦੇ ਰਾਜਵਿੰਦਰ ਸਿੰਘ, ਹਰਮਨਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਨੇ ਪ੍ਰਾਪਤ ਕੀਤਾ। ਦੂਸਰੇ ਪਾਸੇ ਲੜਕੀਆਂ ਦੇ ਫਾਈਟ ਮੁਕਾਬਲਿਆਂ ਵਿੱਚੋਂ ਗਤਾਕਾ ਅਖਾੜਾ ਮੁਕਤਸਰ ਸਾਹਿਬ ਦੀਆਂ ਲੜਕੀਆਂ ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਸ਼ਰਨ ਕੌਰ ਅਤੇ ਲਵਪ੍ਰੀਤ ਕੌਰ ਨੇ ਇੱਕੀ ਹਜ਼ਾਰ ਰੁਪਏ ਦਾ ਪਹਿਲਾ ਇਨਾਮ, ਮਾਤਾ ਸਾਹਿਬ ਕੌਰ ਗਤਕਾ ਵਾਰੀਅਰਜ ਦੀਆਂ ਲੜਕੀਆਂ ਸੁਖਪ੍ਰੀਤ ਕੌਰ, ਸਤਨਾਮ ਕੌਰ, ਸੰਦੀਪ ਕੌਰ ਅਤੇ ਭਾਮਤੀ ਕੌਰ ਨੂੰ ਪੰਦਰਾਂ ਹਜ਼ਾਰ ਰੁਪਏ ਦਾ ਦੂਜਾ ਇਨਾਮ ਅਤੇ ਦਿੱਲੀ ਤੋਂ ਪਹੁੰਚੀ ਗਤਕਾ ਟੀਮ ਦੀਆਂ ਲੜਕੀਆਂ ਇਸ਼ਮੀਤ ਕੌਰ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਸਰਬਜੀਤ ਕੌਰ ਨੇ ਗਿਆਰ੍ਹਾਂ ਹਜ਼ਾਰ ਰੁਪਏ ਦਾ ਤੀਜਾ ਇਨਾਮ ਪ੍ਰਾਪਤ ਕੀਤਾ।
ਜੇਤੂ ਰਹੀਆਂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੱਤਕਾ ਯੁੱਧ ਵਿਦਿਆ ਦਾ ਮੁੱਢਲਾ ਸਬਕ ਹੈ, ਜੋ ਨੌਜੁਆਨੀ ਅੰਦਰ ਜੁਝਾਰੂ ਜਜ਼ਬਾ ਉਜਾਗਰ ਕਰਦਾ ਹੈ। ਉਨ੍ਹਾਂ ਆਖਿਆ ਕਿ ਹੋਰਨਾਂ ਖੇਡਾਂ ਨਾਲੋਂ ਸਿੱਖ ਮਾਰਸ਼ਲ ਆਰਟ ਗੱਤਕਾ ਵਿਲੱਖਣ ਅਤੇ ਨਿਰਾਲਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੱਤਕੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰਾ ਗੱਤਕਾ ਵਿੰਗ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੌਜੁਆਨੀ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਗੱਤਕਾ ਕਲਾ ਨੂੰ ਅਪਨਾਇਆ ਜਾਵੇ। ਪ੍ਰੋ. ਬਡੂੰਗਰ ਨੇ ਗੱਤਕਾ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੀਆਂ ਟੀਮਾਂ ਵਧਾਈ ਦਿੰਦਿਆਂ ਕਿਹਾ ਕਿ ਉਹ ਸ਼ਸਤਰ ਕਲਾ ਦੇ ਹੋਰ ਉਭਾਰ ਲਈ ਯਤਨ ਕਰਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਦੀਆਂ ੩੦ ਟੀਮਾਂ ਨੇ ਗਤਕਾ ਪ੍ਰਦਰਸ਼ਨੀ ਜਦਕਿ ੧੩ ਟੀਮਾਂ ਨੇ ਫਾਈਟ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਲੜਕੀਆਂ ਦੀਆਂ ੧੦ ਟੀਮਾਂ ਨੇ ਵੀ ਜੰਗਜੂ ਖੇਡ ਗੱਤਕੇ ਦਾ ਬਾਖੁਬੀ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਖ਼ਾਲਸਾ, ਸ. ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ‘ਰਮਦਾਸ’, ਸ. ਸਿਮਰਜੀਤ ਸਿੰਘ ਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਡਿਪਟੀ ਡਾਇਰੈਕਟਰ ਸਪੋਰਟਸ ਡਾ. ਪਰਮਿੰਦਰ ਕੌਰ ਰੰਧਾਵਾ, ਪਬਲੀਸਿਟੀ ਅਸਿਸਟੈਂਟ ਸ. ਹਰਭਜਨ ਸਿੰਘ ਵਕਤਾ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਸ. ਅਮਰਜੀਤ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਨੱਥਾ ਸਿੰਘ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਮੈਨੇਜਰ ਸ. ਬਲਵਿੰਦਰ ਸਿੰਘ ਭਮਾਰਸੀ, ਗੱਤਕਾ ਇੰਚਾਰਜ ਸ. ਹਰਦੀਪ ਸਿੰਘ, ਗੱਤਕਾ ਕੋਚ ਸ. ਸੁਪ੍ਰੀਤ ਸਿੰਘ ਆਦਿ ਹਾਜ਼ਰ ਸਨ।