18.10.15ਅੰਮ੍ਰਿਤਸਰ – ੧੮ ਅਕਤੂਬਰ: ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਵੱਖ-ਵੱਖ ਥਾਵਾਂ ਤੇ ਪੰਥ ਦੋਖੀਆਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਸੋਚੀ-ਸਮਝੀ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ (ਪੱਤਰੇ) ਪਾੜ ਕੇ ਗਲੀਆਂ-ਬਜ਼ਾਰਾਂ ‘ਚ ਸੁੱਟਣ ਕਾਰਨ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਅਤੇ ਦੋਸ਼ੀਆਂ ਨੂੰ ਫੜਕੇ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਮੁੱਚੇ ਪੰਜਾਬ ਦੀਆਂ ਸਿੱਖ ਸੰਗਤਾਂ ‘ਚ ਭਾਰੀ ਰੋਸ ਤੇ ਰੋਹ ਪੈਦਾ ਹੋ ਗਿਆ। ਇਸ ਰੋਸ ਤੇ ਰੋਹ ਦੌਰਾਨ ਕੁਝ ਸਿੰਘ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਜਖ਼ਮੀ ਹੋ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਪਾਵਨ ਸਰੂਪਾਂ ਦੀ ਬੇ-ਅਦਬੀ ਤੇ ਪਸ਼ਚਾਤਾਪ, ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸਾਂਤੀ ਅਤੇ ਜਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ। ਜਿਸ ਦਾ ਭੋਗ ੨੦ ਅਕਤੂਬਰ ਨੂੰ ਇਸੇ ਅਸਥਾਨ ਤੇ ਹੀ ਪਵੇਗਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ।
ਇਸ ਮੌਕੇ ਡਾ. ਰੂਪ ਸਿੰਘ ਸਕੱਤਰ, ਸ. ਪਰਤਾਪ ਸਿੰਘ ਮੈਨੇਜਰ, ਸ. ਸੁਖਦੇਵ ਸਿੰਘ ਭੂਰਾ ਕੌਹਨਾ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਤਰਵਿੰਦਰ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਪਰਉਪਕਾਰ ਸਿੰਘ ਅਕਾਊਂਟੈਂਟ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਸਨ।