sarhadiਅੰਮ੍ਰਿਤਸਰ : 8 ਅਕਤੂਬਰ (        ) ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਵੱਖ-ਵੱਖ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕ ਜੋ ਆਪਣੇ ਘਰ-ਬਾਹਰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਂਪਾਂ ਵਿੱਚ ਰਹਿ ਰਹੇ ਲੋਕ ਹਾਲਾਤ ਸੁਖਾਵੇਂ ਹੋਣ ਕਾਰਣ ਆਪਣੇ-ਆਪਣੇ ਘਰਾਂ ਨੂੰ ਪਰਤ ਗਏ ਹਨ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਵਿੱਚ ਪਾਕਿਸਤਾਨ ਨਾਲ ਲਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ, ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦੀ ਦੇਖ-ਰੇਖ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਬੰਧ ਕੀਤੇ ਗਏ ਸਨ। ਪਰੰਤੂ ਹੁਣ ਹਾਲਾਤ ਆਮ ਵਰਗੇ ਹੋਣ ਕਾਰਣ ਇਹ ਕੈਂਪ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਖੇਤਰ ਨਾਲ ਲਗਦੇ ਪਿੰਡਾਂ ਦੇ ਲੋਕ ਵੀ ਹੁਣ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ ਤੇ ਇਹ ਕੈਂਪ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ  ਸ਼੍ਰੋਮਣੀ ਕਮੇਟੀ ਵੱਲੋਂ ਬਾਕੀ ਖੇਤਰਾਂ ‘ਚ ਲੱਗੇ ਰਾਹਤ ਕੈਂਪ ਬੰਦ ਕਰ ਦਿੱਤੇ ਸਨ ਪਰ ਫਾਜ਼ਿਲਕਾ ਵਾਲਾ ਕੈਂਪ ਹੁਣ ਤੀਕ ਚੱਲਦਾ ਰਿਹਾ ਹੈ। ਫਾਜ਼ਿਲਕਾ ਵਿਖੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ੍ਰ: ਕੇਵਲ ਸਿੰਘ ਦੀ ਦੇਖ-ਰੇਖ ਵਿੱਚ ੨੧ ਰਾਹਤ ਕੇਂਦਰਾਂ ਜਿਸ ਵਿਚ ਸਕੂਲਾਂ, ਕਾਲਜਾਂ, ਪੰਚਾਇਤੀ ਥਾਵਾਂ ਸ਼ਾਮਲ ਸਨ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਰਾਹਤ ਕੈਂਪ ਲਗਾਏ ਗਏ ਸਨ। ਜਿਨ੍ਹਾਂ ਵਿਚ ਜਲਾਲਾਬਾਦ, ਚੁਵਾੜਿਆ ਵਾਲੀ, ਗੁਰੂ ਹਰਿ ਸਹਾਏ ਸੜਕ ‘ਤੇ ਗੁਰਦੁਆਰਾ ਸਾਹਿਬ ਨੂੰ ਰਾਹਤ ਕੇਂਦਰ ਵਜੋਂ ਵਰਤਿਆ ਗਿਆ ਜਿਥੇ ਲੰਗਰ ਤਿਆਰ ਕੀਤਾ ਜਾਂਦਾ ਰਿਹਾ ਅਤੇ ਨਾਲ ਲੱਗਦੇ ਸਰਹੱਦੀ ਪਿੰਡਾ ਦੇ ਲੋਕਾਂ ਲਈ ਲਿਜਾਇਆ ਤੇ ਵਰਤਾਇਆ ਜਾਂਦਾ ਸੀ। ੭ ਅਕਤੂਬਰ ਦੀ ਸਵੇਰ ਤੀਕ ਲੰਗਰ ਸੇਵਾ ਕੀਤੀ ਗਈ। ਹੁਣ ਇਹ ਸੁਵਿਧਾਵਾਂ ਹਾਲਾਤ ਸਰਲ ਹੋਣ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਸ੍ਰ: ਬੇਦੀ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਸਹਾਇਤਾ ਲਈ ਸਰਹੱਦੀ ਲੋਕਾਂ ਨੇ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮੁਸੀਬਤ ਦੀ ਘੜੀ ਬਿਨਾ ਕਿਸੇ ਭੇਦ-ਭਾਵ ਦੇ ਜੋ ਸਹਾਇਤਾ ਸਾਨੂੰ ਦਿੱਤੀ ਗਈ ਉਸ ਲਈ ਅਸੀਂ ਸਦਾ ਰਿਣੀ ਰਹਾਂਗੇ।