j-avtar-singhਜਥੇਦਾਰ ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਲੋਕਾਈ ਨੂੰ ਜੀਵਨ-ਜੁਗਤਿ ਸਮਝਾ ਕੇ ਮਾਰਗ ਦਰਸ਼ਨ ਕੀਤਾ। ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਆਪ ਜੀ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਉਭਾਰਿਆ ਹੈ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
(ਪੰਨਾ ੯੬੮)
ਭਾਵ ਕਿ ਸ੍ਰੀ ਗੁਰੂ ਰਾਮਦਾਸ ਜੀ ਧੰਨ ਹਨ, ਜਿਨ੍ਹਾਂ ਦੀ ਸ਼ਖ਼ਸੀਅਤ ਨੂੰ ਅਕਾਲ ਪੁਰਖ ਨੇ ਆਪ ਗੁਣਾ-ਭਰਪੂਰ ਬਣਾਇਆ। ਸਿੱਖ ਸੰਗਤਾਂ ਨੇ ਆਪ ਜੀ ਨੂੰ ਸਵੀਕਾਰ ਕੇ ਨਮਸਕਾਰ ਤੇ ਸਤਿਕਾਰ ਕੀਤਾ। ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਦੀ ਸ਼ਰਧਾ ਤੇ ਸਤਿਕਾਰ ਵਿਚ ਭਿੱਜੀ ਭਾਵਨਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਈ ਪਾਰਾਵਾਰ ਨਹੀਂ ਹੈ। ਅਸਲ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਵੱਡੀ ਹੈ। ਆਪ ਨਿਮਰਤਾ ਤੇ ਨਿਰਮਲਤਾ ਦੇ ਪੁੰਜ ਸਨ।
ਆਪ ਜੀ ਦਾ ਜਨਮ ੧੫੩੪ ਈ: ਨੂੰ ਪਿਤਾ ਸ੍ਰੀ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਆਪ ਜੀ ਦਾ ਨਾਂ ਜੇਠਾ ਰੱਖਿਆ ਗਿਆ। ਬਾਲ ਅਵਸਥਾ ਵਿਚ ਹੀ ਆਪ ਜੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਬੀਤਿਆ, ਜਿਥੇ ਗਰੀਬੀ ਦੀ ਹਾਲਤ ਵਿਚ ਆਪ ਘੁੰਗਣੀਆਂ ਵੇਚ ਕੇ ਉਪਜੀਵਕਾ ਕਮਾਉਂਦੇ ਰਹੇ।
ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ, ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਆਪ ਨੂੰ ਸੇਵਾ ਕਰਦਿਆਂ ਵੇਖ ਕੇ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਸ੍ਰੀ ਰਾਮਦਾਸ ਦੇ ਸਿਰ ‘ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆਂ ਦਾ ਛਤਰ ਹੈ। ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿਬੜਿਆ। ਭੱਟ ਬਾਣੀਕਾਰ ਇਸ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:
ਸਭ ਬਿਧਿ ਮਾਨਿ´ਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਪੰਨਾ ੧੩੯੯)
ਇਸ ਤਰ੍ਹਾਂ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪਰਵਾਣ ਹੋਏ। ਭਾਈ ਗੁਰਦਾਸ ਜੀ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਗੁਰੂ ਸਰੂਪ ਵਿਚ ਪਰਵਾਣ ਹੋਣ ਦੇ ਨਾਲ-ਨਾਲ ਗੁਰਸਿੱਖੀ ਦਾ ਥੰਮ ਦਸਦੇ ਹਨ ਅਤੇ ਅਜਿਹਾ ਵਣਜ ਵਪਾਰੀ ਕਹਿੰਦੇ ਹਨ ਜੋ ਔਗੁਣਾਂ ਦੇ ਬਦਲੇ ਗੁਣ ਬਖਸ਼ਦੇ ਹਨ:
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ।
ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ।
(ਵਾਰ ੨੪/੧੫)
ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਉਦਮ ਉਪਰਾਲੇ ਸ਼ੁਰੂ ਕੀਤੇ। ਗੁਰੂ-ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਜਿਥੇ ਮਸੰਦ ਸੰਸਥਾ ਦੀ ਨੀਂਹ ਰੱਖੀ, ਉਥੇ ਸਿੱਖੀ ਦੇ ਨਵੇਂ ਕੇਂਦਰ ਜਿਸ ਨੇ ਆਉਣ ਵਾਲੇ ਸਮੇਂ ਵਿਚ ਕੇਂਦਰੀ ਅਸਥਾਨ ਦਾ ਗੌਰਵ ਪ੍ਰਾਪਤ ਕਰਨਾ ਸੀ, ਬਾਰੇ ਵਿਉਂਤ ਸੋਚੀ। ਆਪ ਜੀ ਨੇ ਚੱਕ ਗੁਰੂ ਦੀ ਨੀਂਹ ਰੱਖੀ ਜੋ ਪਿੱਛੋਂ ਚੱਕ ਰਾਮਦਾਸ ਅਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਸ੍ਰੀ ਅੰਮ੍ਰਿਤਸਰ ਅੱਜ ਦੁਨੀਆਂ ਦੇ ਗੌਰਵਮਈ ਇਤਿਹਾਸ ਦਾ ਇਕ ਅਧਿਆਤਮਕ ਕੇਂਦਰ ਹੈ। ਭੱਟ ਬਾਣੀਕਾਰਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੰਸਾਰ ਤਾਰਨ ਵਾਲੇ ਦੱਸਿਆ ਹੈ:
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ॥
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ॥
(ਪੰਨਾ ੧੩੯੭)
ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਆਪ ਜੀ ਦੀ ਬਾਣੀ ਮਨੁੱਖ ਮਾਤਰ ਲਈ ਪ੍ਰੇਰਨ-ਸ੍ਰੋਤ ਹੈ। ਗਿਆਨੀ ਗਿਆਨ ਸਿੰਘ ਗੁਰੂ ਪਾਤਿਸ਼ਾਹ ਦੀ ਬਾਣੀ ਬਖਸ਼ਿਸ਼ ਸਬੰਧੀ ਲਿਖਦੇ ਹਨ:
ਗੁਰ ਉਚਰੈਂ ਬਾਨੀ ਅਮ੍ਰਤ ਸਾਂਨੀ ਬੇਦ ਅਧਕਾਨੀ ਸੁਖਦਾਨੀ।
(ਪੰਥ ਪ੍ਰਕਾਸ਼)
ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਬਹੁਤ ਹਨ। ਮਨੁੱਖ ਮਾਤਰ ਨੂੰ ਆਪਸੀ ਵੈਰ ਵਿਰੋਧ  ਖਤਮ ਕਰ ਲਈ ਜੋ ਆਪ ਨੇ ਸਿਖਿਆ ਦਿੱਤੀ, ਉਹ ਮਹੱਤਵਪੂਰਨ ਹੈ। ਅੱਜ ਸੰਸਾਰੀ ਲੋਕ ਧੜੇਬਾਜੀ ਵਿਚ ਪਏ ਹੋਏ ਹਨ। ਧੜੇਬੰਦੀ ਸਬੰਧੀ ਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਸੰਸਾਰੀ ਧੜਿਆਂ ਤੋਂ ਉਪਰ ਉੱਠ ਕੇ ਹਰੀ ਪਰਮਾਤਮਾ ਦੇ ਲੜ੍ਹ ਲਗ ਕੇ ਹੀ ਸ਼ੋਭਾ ਪ੍ਰਾਪਤ ਹੋ ਸਕਦੀ ਹੈ:
ਹਮਾਰਾ ਧੜਾ ਹਰਿ ਰਹਿਆ ਸਮਾਈ॥
(ਪੰਨਾ ੩੬੬)
ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਇਸ ਉਪਦੇਸ਼ ਨੂੰ ਮਨਾਂ ਵਿਚ ਵਸਾ ਕੇ, ਧੜੇਬੰਦੀਆਂ ਤੋਂ ਉੱਪਰ ਉੱਠ ਸਭ ਨੂੰ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਿਆਂ ਸਰਬੱਤ ਦਾ ਭਲਾ ਲੋਚਣਾ ਚਾਹੀਦਾ ਹੈ। ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਸਮੂਹ ਮਾਈ-ਭਾਈ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਨਿਮਰਤਾ ਭਰਪੂਰ ਜੀਵਨ ਦੇ ਧਾਰਨੀ ਬਣਨਾ ਚਾਹੀਦਾ ਹੈ, ਕਿਉਂਕਿ ਚੌਥੇ ਪਾਤਸ਼ਾਹ ਜੀ ਸਾਡਾ ਮਾਰਗ ਰੌਸ਼ਨ ਕਰਦੇ ਹੋਏ ਫੁਰਮਾਉਂਦੇ ਹਨ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥
(ਪੰਨਾ ੧੬੭)
ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਆਉ, ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ-ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ।