ਉੱਚ ਅਦਾਲਤ ਦੇ ਜੱਜਾਂ ਦੀ ਚੋਣ ’ਚ ਸਿੱਖਾਂ ਦੀ ਘੱਟ ਨੁਮਾਇੰਦਗੀ ’ਤੇ ਵੀ ਪ੍ਰਗਟਾਈ ਚਿੰਤਾ

ਅੰਮਿ੍ਰਤਸਰ, 27 ਜੁਲਾਈ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਦੀ ਨਿਯੁਕਤੀ ਦੀ ਆਲੋਚਨਾ ਕਰਦਿਆਂ ਆਖਿਆ ਹੈ ਕਿ ਐਡਵੋਕੇਟ ਵਿਨੋਦ ਘਈ ਡੇਰਾ ਸਿਰਸਾ ਮੁਖੀ ਦੇ ਕੇਸ ਸਮੇਤ ਹੋਰ ਬਹੁਤ ਸਾਰੇ ਵਿਵਾਦਤ ਮਾਮਲਿਆਂ ਦੇ ਕੇਸ ਲੜ ਰਿਹਾ ਹੈ, ਇਸ ਲਈ ਉਨ੍ਹਾਂ ਦੀ ਨਿਯੁਕਤੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਐਡਵੋਕੇਟ ਜਨਰਲ ਬਿਲਕੁੱਲ ਨਿਰਪੱਖ, ਪੰਜਾਬ ਦੀਆਂ ਤਰਜੀਹਾਂ ਨੂੰ ਸਮਝਣ ਵਾਲਾ ਤੇ ਖਿਤੇ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਐਡਵੋਕੇਟ ਜਨਰਲ ਇੱਕ ਸਿੱਖ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬ ਗੁਰੂਆਂ ਦੇ ਨਾਮ ’ਤੇ ਵੱਸਦਾ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਰੱਦ ਕੀਤਾ ਜਾਵੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮਾਨਯੋਗ ਉਚ ਅਦਲਤਾਂ ਵਿਚ ਸਿੱਖ ਜੱਜਾਂ ਦੀ ਘਟ ਰਹੀ ਗਿਣਤੀ ’ਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਲਈ ਚੁਣੇ ਗਏ 13 ਜੱਜਾਂ ਵਿਚ ਕੇਵਲ ਇਕ ਹੀ ਸਿੱਖ ਆ ਸਕਿਆ ਹੈ। ਸ਼੍ਰੋਮਣ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਿੱਖ ਨੌਜਵਾਨਾਂ ਨੂੰ ਭਵਿੱਖ ਵਿਚ ਦੇਸ਼ ਦੇ ਵੱਖ ਵੱਖ ਉੱਚ ਅਹੁਦਿਆਂ ਦੀ ਪ੍ਰਾਪਤੀ ਲਈ ਸਿਰਤੋੜ ਮਿਹਨਤ ਕਰਨੀ ਚਾਹੀਦੀ ਹੈ, ਤਾਂ ਜੋ ਹਰ ਖੇਤਰ ਵਿਚ ਸਿੱਖਾਂ ਦੀ ਬਕਾਇਦਾ ਨੁਮਾਇੰਦਗੀ ਬਣੀ ਰਹੇ।