ਅੰਮ੍ਰਿਤਸਰ ੦੭ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਰਲੀਜ਼ਿੰਗ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਮੰਤਰੀਆਂ ਅਤੇ ਮੁਖ ਮੰਤਰੀ ਪੰਜਾਬ ਨੂੰ ਲਿਖੇ ਗਏ ਵੱਖ-ਵੱਖ ਪੱਤਰਾਂ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਫਿਲਮ ਨੂੰ ਜਾਰੀ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਆਏ ਇਤਰਾਜ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫਿਲਮ ਸਬੰਧੀ ਇਕ ਮੁਲਾਂਕਣ ਕਮੇਟੀ ਗਠਿਤ ਕੀਤੀ ਸੀ, ਜਿਸ ਦੀ ਅੱਜ ਹੋਈ ਮੀਟਿੰਗ ਵਿਚ ਸ਼ਾਮਲ ਹੋਣ ਲਈ ਫਿਲਮ ਦੇ ਨਿਰਦੇਸ਼ਕ ਸ. ਹਰਿੰਦਰ ਸਿੰਘ ਸਿੱਕਾ ਨੂੰ ਸੱਦਿਆ ਗਿਆ ਸੀ, ਪਰ ਉਹ ਸ਼ਾਮਲ ਨਹੀਂ ਹੋਏ ਅਤੇ ਉਹ ਫਿਲਮ ੧੩ ਅਪ੍ਰੈਲ ਨੂੰ ਰੀਲੀਜ਼ ਕਰਨ ਲਈ ਬਜ਼ਿੱਦ ਹਨ। ਜੇਕਰ ਫਿਲਮ ਜਾਰੀ ਹੁੰਦੀ ਹੈ ਤਾਂ ਇਸ ਨਾਲ ਸਿੱਖਾਂ ਵਿਚ ਰੋਸ ਫੈਲਣਾ ਅਵੱਸ਼ਕ ਹੈ। ਇਸ ਲਈ ਫਿਲਮ ਨੂੰ ਜਾਰੀ ਹੋਣ ਤੋਂ ਤੁਰੰਤ ਰੋਕਿਆ ਜਾਵੇ, ਤਾਂ ਜੋ ਸਿੱਖ ਸੰਗਤਾਂ ਦਾ ਰੋਸ ਸ਼ਾਂਤ ਹੋ ਸਕੇ।