ਭਾਈ ਲੌਂਗੋਵਾਲ ਨੇ ਫੈਡਰੇਸ਼ਨ ਗਰੇਵਾਲ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਫਾਜ਼ਿਲਕਾ, ੦੯ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਪਿੰਡ ਮੋਹਾਰ ਸੋਨਾ ਵਿਖੇ ਕਰਵਾਏ ਗਏ ਸਨਮਾਨ ਤੇ ਗੁਰਮਤਿ ਸਮਾਗਮ ਸਮੇਂ ਸ਼ਮੂਲੀਅਤ ਕੀਤੀ। ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਜਥੇਦਾਰ ਸੂਬਾ ਸਿੰਘ ਡੱਬਵਾਲਾ ਦੇ ਉਪਰਾਲੇ ਨਾਲ ਕਰਵਾਏ ਗਏ ਇਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਜੋ ਸਮੇਂ ਸਮੇਂ ਔਖੀਆਂ ਘਾਟੀਆਂ ‘ਚ ਲੰਘਦੇ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਵੱਲੋਂ ਅੱਜ ਸਿੱਖੀ ਪ੍ਰਤੀ ਦਿਖਾਏ ਗਏ ਪਿਆਰ ਤੇ ਕੀਤੇ ਗਏ ਸਤਿਕਾਰ ਦਾ ਪ੍ਰਗਟਾਵਾ ਮੇਰੀ ਜ਼ਿੰਦਗੀ ਦੀ ਇਤਿਹਾਸਕ ਘੜੀ ਹੋ ਨਿਬੜੀ ਹੈ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਦੇ ਵਿਸ਼ੇਸ਼ ਯਤਨਾਂ ਨਾਲ ਸਰਹੱਦੀ ਪੱਟੀ ਦੇ ਪਿੰਡਾਂ ਵਿਚ ਗੁਰਮਤਿ ਰਹਿਣੀ ਤੋਂ ਦੂਰ ਸੈਂਕੜੇ ਗ੍ਰੰਥੀ ਅਤੇ ਪਾਠੀ ਸਿੰਘਾਂ ਵੱਲੋਂ ਗੁਰਸਿੱਖੀ ਧਾਰਨ ਕਰਕੇ ਸਿੰਘ ਸੱਜਣਾ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮ ਪ੍ਰਚਾਰ ਲਈ ਰਵਾਇਤੀ ਢੰਗ ਤਰੀਕਿਆਂ ਦੀ ਥਾਂ ਸੰਗਤਾਂ ਨਾਲ ਸਿੱਧਾ ਰਾਬਤਾ ਬਣਾ ਕੇ ਸੰਵਾਦ ਵਿਧੀ ਅਪਨਾਉਣ ਦੀ ਬੇਹੱਦ ਜ਼ਰੂਰਤ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਰਹੱਦੀ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵੱਧ ਤੋਂ ਵੱਧ ਪ੍ਰਚਾਰਕ ਜਥੇ ਭੇਜੇ ਜਾਣਗੇ ਅਤੇ ਧਾਰਮਿਕ ਸਾਹਿਤ ਵੀ ਵੱਡੀ ਪੱਧਰ ‘ਤੇ ਵੰਡਿਆ ਜਾਵੇਗਾ। ਉਨ੍ਹਾਂ ਇਕਾਲੇ ਦੇ ਮੋਹਤਬਰਾਂ ਵੱਲੋਂ ਕੀਤੀ ਮੰਗ ਤੇ ਕਿਹਾ ਕਿ ਜਲਾਲਾਬਾਦ ਵਿਖੇ ਸਥਿਤ ਸ਼੍ਰੋਮਣੀ ਕਮੇਟੀ ਦੇ ਫਾਰਮ ਹਾਊਸ ਵਿਖੇ ਧਰਮ ਪ੍ਰਚਾਰ ਕੇਂਦਰ ਬਣਾਉਣ ਲਈ ਵਿਚਾਰ ਕੀਤੀ ਜਾਵੇਗੀ।
ਇਸਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿੱੱਖ ਸੂਟਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਰਹੱਦੀ ਇਲਾਕੇ ਦੇ ਗ੍ਰੰਥੀਆਂ ਤੇ ਪਾਠੀ ਸਿੰਘਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਖੇਤਰ ਅੰਦਰ ਵੱਡੀ ਗਿਣਤੀ ਵਿਚ ਗੁਰੂ ਘਰਾਂ ਦੀ ਸੇਵਾ ਨਿਭਾਅ ਰਹੇ ਸੇਵਾਦਾਰ ਖ਼ਾਲਸਾਈ ਸਰੂਪ ਤੋਂ ਟੁੱਟੇ ਹੋਏ ਸਨ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਮੁਹਿੰਮ ਤਹਿਤ ਕੀਤੀ ਗਈ ਪ੍ਰੇਰਣਾ ਨਾਲ ਇਹ ਅੱਜ ਸਿੱਖੀ ਦੀ ਮੁਖ ਧਾਰਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਸਿੱਖੀ ਸਰੂਪ ਤੋਂ ਤਾਂ ਦੂਰ ਸਨ ਪਰ ਇਨ੍ਹਾਂ ਅੰਦਰ ਸਿੱਖੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਬਰਕਰਾਰ ਸੀ। ਇਸੇ ਦੌਰਾਨ ਗ੍ਰੰਥੀਆਂ ਵੱਲੋਂ ਵਿਖਾਏ ਗਏ ਪਿਆਰ ਦਾ ਜ਼ਿਕਰ ਕਰਦਿਆਂ ਭਾਈ ਗਰੇਵਾਲ ਭਾਵਕ ਵੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਪਛੜੇ ਤੇ ਸਰਹੱਦੀ ਇਲਾਕੇ ਅੰਦਰ ਧਰਮ ਪ੍ਰਚਾਰ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ ਅਤੇ ਸਮੇਂ-ਸਮੇਂ ਤੇ ਅਜਿਹੇ ਸਮਾਗਮ ਕਰਕੇ ਗੁਰਸਿੱਖੀ ਸਰੂਪ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਹੇਗਾ। ਸਮਾਗਮ ਦੌਰਾਨ ਜਥੇਦਾਰ ਚਰਨ ਸਿੰਘ ਅਤੇ ਸਿੱਖੀ ਸਰੂਪ ਵਲ ਪਰਤੇ ਗ੍ਰੰਥੀਆਂ ਵਿੱਚੋਂ ਭਾਈ ਸ਼ਾਮ ਲਾਲ ਤੋਂ ਸ਼ਾਮ ਸਿੰਘ ਬਣੇ ਗ੍ਰੰਥੀ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ੧੨੫ ਦੇ ਕਰੀਬ ਗ੍ਰੰਥੀ ਤੇ ਪਾਠੀ ਸਿੰਘਾਂ ਜਿਨ੍ਹਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਸੂਬਾ ਸਿੰਘ ਸਮੇਤ ਹੋਰਾਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਹਲਕਾ ਮੈਂਬਰ ਜਥੇਦਾਰ ਸੂਬਾ ਸਿੰਘ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਨਮਾਨਿਤ ਕੀਤਾ ਗਿਆ, ਜਦਕਿ ਇਲਾਕੇ ਅੰਦਰ ਨਿਭਾਈਆਂ ਪ੍ਰਚਾਰ ਸੇਵਾਵਾਂ ਬਦਲੇ ਪ੍ਰਚਾਰਕ ਭਾਈ ਜਸਵਿੰਦਰਪਾਲ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਜਗਬੀਰ ਸਿੰਘ ਕਥਾਵਾਚਕ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਸਟੇਜ ਦੀ ਸੇਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਭਾਈ ਦਿਲਬਾਗ ਸਿੰਘ ਵਿਰਕ ਨੇ ਨਿਭਾਈ ਅਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ। ਇਸੇ ਦੌਰਾਨ ਨੌਜੁਆਨਾਂ ਤੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ‘ਚ ਅਵੱਲ ਆਉਣ ਵਾਲੇ ਬੱੱਚਿਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੈਡਲ ਦੇ ਕੇ ਨਿਵਾਜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਊਦੈ ਸਿੰਘ ਲੌਂਗੋਵਾਲ, ਜਥੇਦਾਰ ਸੂਬਾ ਸਿੰਘ ਡੱਬਵਾਲਾ, ਜਥੇਦਾਰ ਚਰਨ ਸਿੰਘ ਚੇਅਰਮੈਨ, ਸ. ਦਿਲਬਾਗ ਸਿੰਘ ਵਿਰਕ ਜਨਰਲ ਸਕੱਤਰ ਫੈਡਰੇਸ਼ਨ, ਸ. ਕੇਵਲ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਦਰਸ਼ਨ ਸਿੰਘ ਨਿੱਜੀ ਸਹਾਇਕ, ਸ. ਬਲਦੇਵ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ, ਸ. ਗੁਰਕੀਰਤਨ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਸ. ਪ੍ਰਮਿੰਦਰ ਸਿੰਘ ਰੋੜਾ ਵਾਲੀ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ, ਸ. ਹਰਜਿੰਦਰ ਸਿੰਘ ਤੜੋਪੜੀ, ਜਗਸੀਰ ਸਿੰਘ ਲੱਦੂਵਾਲਾ, ਸ. ਸਤਵੰਤ ਸਿੰਘ ਮੁਰਕਵਾਲਾ, ਸ. ਹਰਪ੍ਰੀਤ ਸਿੰਘ ਚੱਕਪੱਕੀ, ਭਾਈ ਪਰਮਜੀਤ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।