ਗੰਭੀਰ ਜ਼ਖਮੀਆਂ ਨੂੰ ੫੦-੫੦ ਹਜ਼ਾਰ ਤੇ ਘੱਟ ਜ਼ਖਮੀਆਂ ਨੂੰ ੨੦-੨੦ ਹਜ਼ਾਰ ਰੁਪਏ ਇਲਾਜ ਲਈ ਦਿੱਤੇ ਜਾਣਗੇ- ਭਾਈ ਲੌਂਗੋਵਾਲ

ਅੰਮ੍ਰਿਤਸਰ, ੨੫ ਫਰਵਰੀ-
ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਕਾਲੇ ਘਣੂੰਪੁਰ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਸ਼ਨਿੱਚਰਵਾਰ ਨੂੰ ਗੈਸੀ ਗੁਬਾਰਿਆਂ ਦਾ ਸਿਲੰਡਰ ਫਟਣ ਕਾਰਨ ਕੁਝ ਬੱਚਿਆਂ ਦੇ ਜ਼ਖਮੀ ਹੋ ਜਾਣ ਦੀ ਘਟਨਾ ਨੂੰ ਦੁਖਮਈ ਦੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਭਾਵਿਤਾਂ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਚਾਨਕ ਵਾਪਰੀ ਇਸ ਘਟਨਾ ਦੌਰਾਨ ਜ਼ਖਮੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਗੰਭੀਰ ਜ਼ਖਮੀਆਂ ਨੂੰ ਇਲਾਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਹ-ਪੰਜਾਹ ਹਜ਼ਾਰ ਅਤੇ ਘੱਟ ਜ਼ਖਮੀਆਂ ਨੂੰ ਵੀਹ-ਵੀਰ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਦੀ ਅਰਦਾਸ ਵੀ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਵਾਪਰੀ ਇਹ ਘਟਨਾ ਭਿਆਨਕ ਅਤੇ ਦੁਖਮਈ ਹੈ ਅਤੇ ਅਜਿਹੀਆਂ ਘਟਨਾਵਾਂ ਨਾ ਵਾਪਰਣ, ਇਸ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੀ ਕੋਈ ਵੀ ਵਿਸਫੋਟਕ ਵਸਤੂ ਨੂੰ ਜੋੜ ਮੇਲਿਆਂ ਆਦਿ ਵਾਲੇ ਥਾਵਾਂ ‘ਤੇ ਲਿਜਾਣ ਨੂੰ ਸਖਤੀ ਨਾਲ ਰੋਕਿਆ ਜਾਵੇ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਟਾਲਿਆ ਜਾ ਸਕੇ।