ਸਿਹਤ ਸੇਵਾਵਾਂ ਦਾ ਖੇਤਰ ਰੁਜ਼ਗਾਰ ਅਤੇ ਮਨੁੱਖੀ ਹਮਦਰਦੀ ਦੀ ਭਾਵਨਾ ਦਾ ਸੁਮੇਲ -ਭਾਈ ਲੌਂਗੋਵਾਲ
੪੫੦ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ

ਅੰਮ੍ਰਿਤਸਰ, ੨੬ ਫਰਵਰੀ- ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਦੀ ਛੇਵੀਂ ਕਾਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੇਂਡੂ ਖੇਤਰਾਂ ਵਿਚ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛੜੇ ਇਲਾਕਿਆਂ ਅੰਦਰ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਵੈਨਾਂ ਚਲਾਉਣ ਦਾ ਫ਼ੈਸਲਾ ਕੀਤਾ ਜਾ ਚੁੱਕਾ ਹੈ ਅਤੇ ਇਸ ਕਾਰਜ ਦੀ ਆਰੰਭਤਾ ਵੀ ਬਹੁਤ ਜਲਦ ਕਰ ਦਿੱਤੀ ਜਾਵੇਗੀ। ਭਾਈ ਲੌਂਗੋਵਾਲ ਨੇ ਵੱਖ-ਵੱਖ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰੀ ਪੇਸ਼ਾ ਸਭ ਤੋਂ ਉੱਤਮ ਹੈ ਅਤੇ ਇਸ ਪੇਸ਼ੇ ਨੂੰ ਅਪਨਾਉਣ ਵਾਲੇ ਰੁਜ਼ਗਾਰ ਦੇ ਨਾਲ-ਨਾਲ ਮਨੁੱਖੀ ਸੇਵਾ ਨੂੰ ਵੀ ਪਹਿਲ ਦੇਣ। ਉਨ੍ਹਾਂ ਡਿਗਰੀ ਧਾਰਕਾਂ ਨੂੰ ਪ੍ਰੇਰਣਾ ਦਿੱਤੀ ਕਿ ਸਮਰਪਣ, ਇਮਾਨਦਾਰੀ ਅਤੇ ਮਨੁੱਖੀ ਹਮਦਰਦੀ ਦੀ ਭਾਵਨਾ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਅੱਗੇ ਵਧਣ।
ਇਸ ਮੌਕੇ ਕਾਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੂਨੈਸਕੋ ਚੇਅਰ ਇਨ ਬਾਇਉਏਥਿਕਸ ਹਾਫੀਆ, ਮੈਲਬੋਰਨ ਆਸਟ੍ਰੇਲੀਆ ਅਤੇ ਏਸ਼ੀਆ ਪੈਸੀਫਿਕ ਡਵੀਜ਼ਨ ਦੇ ਮੁਖੀ ਡਾ. ਰਸਲ ਫਰੈਂਕੋ ਡਿਸੂਜਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਹੈ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਿਤਰਨ ਵਾਲਿਆਂ ਨੂੰ ਇਹ ਸਿੱਧ ਕਰਨਾ ਪਵੇਗਾ ਕਿ ਉਹ ਖੇਤਰ ਵਿਚ ਸੰਪੰਨ ਹਨ। ਇਸੇ ਨਾਲ ਹੀ ਲੋਕਾਂ ਦਾ ਵਿਸ਼ਵਾਸ ਸਾਡੇ ‘ਤੇ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਦਿਨ ਸਿੱਖਣ ਲਈ ਹੈ ਅਤੇ ਮੈਡੀਕਲ ਖੇਤਰ ਵਿਚ ਡਿਗਰੀ ਪ੍ਰਾਪਤ ਕਰ ਲੈਣ ਨਾਲ ਪੜ੍ਹਾਈ ਖ਼ਤਮ ਨਹੀਂ ਸਮਝੀ ਜਾਣੀ ਚਾਹੀਦੀ ਸਗੋਂ ਅਗਲੇਰੇ ਪੜ੍ਹਾਵਾਂ ਵਿਚ ਵੀ ਸਿੱਖਣ ਦੀ ਚਾਹਤ ਮਰਨੀ ਨਹੀਂ ਚਾਹੀਦੀ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਿਹਤ ਸੇਵਾਵਾਂ ਦੇ ਨਾਲ-ਨਾਲ ਕਾਲਜ ਦੀਆਂ ਪ੍ਰਾਪਤੀਆਂ ਦਾ ਖੁਲਾਸਾ ਵੀ ਕੀਤਾ। ਇਸ ਮੌਕੇ ਡਾ. ਗੀਤਾ ਲਕਸ਼ਮੀ ਆਨਰੇਰੀ ਵਾਈਸ ਚਾਂਸਲਰ ਦਾ ਤਾਮਿਲਨਾਡੂ ਡਾ. ਐਮ.ਜੀ.ਆਰ. ਮੈਡੀਕਲ ਯੂਨੀਵਰਸਿਟੀ ਅਤੇ ਡਾ. ਜੇ.ਐਸ. ਬਮਰਾਹ ਰੀਡਰ ਯੂਨੀਵਰਸਿਟੀ ਆਫ਼ ਮੈਨਚੇਸਟਰ ਨੇ ਗੈਸਟ ਆਫ਼ ਆਨਰ ਵਜੋਂ ਮੌਜੂਦ ਸਨ। ਕਾਨਵੋਕੇਸ਼ਨ ਦੀ ਆਰੰਭਤਾ ਸ਼ਬਦ ਕੀਰਤਨ ਨਾਲ ਹੋਈ।
ਕਾਨਵੋਕੇਸ਼ਨ ਸਮੇਂ ਡਾ. ਰਸਲ ਅਤੇ ਡਾ. ਗੀਤਾ ਲਸ਼ਕਮੀ ਨੇ ਐਮ.ਬੀ.ਬੀ.ਐਸ. ਦੇ ੩੦੦, ਐਮ.ਡੀ. ਅਤੇ ਐਮ.ਐਸ. ਦੇ ੧੫੦ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ।
ਇਸੇ ਦੌਰਾਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਜਜ਼ ਵਿਖੇ ਯੂਨੈਸਕੋ ਬਾਇਉ ਐਥਿਕਲ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਸੀਨੀਅਰ ਸਰਜਨ ਅਤੇ ਟਰੱਸਟ ਮੈਂਬਰ ਡਾ. ਹਰਦਾਸ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੱਡ, ਡਾ. ਕੁਲਵੰਤ ਸਿੰਘ ਦੇਦ ਵਾਇਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਏ. ਪੀ. ਸਿੰਘ ਡੀਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਮਨਜੀਤ ਸਿੰਘ ਉੱਪਲ ਡਾਇਰੈਕਟਰ ਪ੍ਰਿੰਸੀਪਲ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਡਾ. ਗੁਰਿੰਦਰਮੋਹਨ ਸਿੰਘ, ਡਾ. ਬਲਜੀਤ ਸਿੰਘ, ਸ. ਅਮਨਦੀਪ ਸਿੰਘ ਡਿਪਟੀ ਰਜਿਸ਼ਟਰਾਰ ਅਤੇ ਡਾਕਟਰ ਸਾਹਿਬਾਨ ਮੌਜੂਦ ਸਨ।