ਖੇਡਾਂ ਮਨੁੱਖੀ ਏਕਤਾ, ਆਪਸੀ ਮਿਲਵਰਤਣ ਅਤੇ ਅਨੁਸ਼ਾਸਨ ਨਾਲ ਜੋੜਦੀਆਂ ਹਨ- ਸ. ਕਾਇਮਪੁਰ
ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਖ਼ਾਲਸਾਈ ਸਰੂਪ ਹਰ ਸਿੱਖ ਲਈ ਜ਼ਰੂਰੀ- ਭਾਈ ਚਾਵਲਾ
ਖੇਡ ਉਤਸਵ ਦੌਰਾਨ ੫੩ ਸਕੂਲਾਂ ਦੇ ਤਿੰਨ ਹਜ਼ਾਰ ਤੋਂ ਵੱਧ ਖਿਡਾਰੀ ਪੁੱਜੇ


ਸੁਲਤਾਨਪੁਰ ਲੋਧੀ, ੨੬ ਸਤੰਬਰ (    ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਨੌਜੁਆਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਦੇ ਮਨੋਰਥ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਦਾ ਖ਼ਾਲਸਾਈ ਖੇਡ ਉਤਸਵ ੨੦੧੭ ਅੱਜ ਇਥੇ ਗੁਰੂ ਨਾਨਕ ਸਟੇਡੀਅਮ ਵਿਚ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨ ਚੱਲਣ ਵਾਲੇ ਇਸ ਖ਼ਾਲਸਾਈ ਖੇਡ ਉਤਸਵ ਵਿਚ ਹਿੱਸਾ ਲੈਣ ਲਈ ਸ਼੍ਰੋਮਣੀ ਕਮੇਟੀ ਦੇ ੫੩ ਸਕੂਲਾਂ ਨਾਲ ਸਬੰਧਤ ਤਿੰਨ ਹਜ਼ਾਰ ਤੋਂ ਵੱਧ ਖਿਡਾਰੀ ਪਹੁੰਚੇ। ਖ਼ਾਲਸਾਈ ਖੇਡ ਉਤਸਵ ਦੀ ਸ਼ੁਰੂਆਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਰਚ ਪਾਸਟ ਨਾਲ ਹੋਈ। ਉਦਘਾਟਨੀ ਸਮਾਰੋਹ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਅਤੇ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਉਚੇਚੇ ਤੌਰ ‘ਤੇ ਪਹੁੰਚੀਆਂ।
ਇਸ ਮੌਕੇ ਆਪਣੇ ਉਦਘਾਟਨੀ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ ਨੇ ਕਿਹਾ ਕਿ ਕੌਮ ਦੇ ਭਵਿੱਖ ਬੱਚਿਆਂ ਅਤੇ ਨੌਜੁਆਨਾਂ ਨੂੰ ਖੇਡਾਂ ਦੇ ਮਾਧਿਅਮ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਪ੍ਰੇਰਿਤ ਕਰਨਾ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ। ਇਸੇ ਮਕਸਦ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਖ਼ਾਲਸਾਈ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰੇਰਣਾ ਨਾਲ ਕਰਵਾਏ ਗਏ ਖ਼ਾਲਸਾਈ ਖੇਡ ਉਤਸਵ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਭਵਿੱਖ ਦੀ ਪੀੜ੍ਹੀ ਨੂੰ ਸਰੀਰਕ ਤੌਰ ‘ਤੇ ਬਲਵਾਨ ਬਣਾਉਣ ਲਈ ਸਾਰਥਿਕ ਸਿੱਧ ਹੋਣਗੇ। ਉਨ੍ਹਾਂ ਇਸ ਖੇਡ ਉਤਸਵ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੇਰਣਾ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਏਕਤਾ ਅਤੇ ਆਪਸੀ ਮਿਲਵਰਤਣ ਦਾ ਮਹਤਵਪੂਰਣ ਸਾਧਨ ਹਨ, ਜੋ ਸਾਨੂੰ ਅਨੁਸ਼ਾਸਨਬਧ ਜੀਵਨ ਨਾਲ ਜੋੜਦੀਆਂ ਹਨ। ਸ. ਕਾਇਮਪੁਰ ਨੇ ਖਿਡਾਰੀਆਂ ਨੂੰ ਬਾਣੀ ਅਤੇ ਬਾਣੇ ਨਾਲ ਜੁੜ ਕੇ ਸਿੱਖੀ ਸਰੂਪ ਨੂੰ ਸੰਭਾਲਣ ਦੀ ਪ੍ਰੇਰਣਾ ਵੀ ਕੀਤੀ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੀ ਲੜੀ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਨੌਜੁਆਨੀ ਨੂੰ ਖੇਡਾਂ ਨਾਲ ਜੋੜਨ ਲਈ ਇਹ ਖ਼ਾਲਸਾਈ ਖੇਡ ਉਤਸਵ ਆਪਣੇ ਆਪ ਵਿਚ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਖ਼ਾਲਸਾਈ ਸਰੂਪ ਹਰ ਸਿੱਖ ਲਈ ਜ਼ਰੂਰੀ ਹੈ। ਉਨ੍ਹਾਂ ਜੀਵਨ ਅੰਦਰ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਨਿਰੋਗ ਸਰੀਰ ਦੀ ਘਾੜਤ ਲਈ ਖੇਡਾਂ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਮਾਪੇ ਬੱਚਿਆਂ ਅਤੇ ਨੌਜੁਆਨਾਂ ਨੂੰ ਜ਼ਿੰਦਗੀ ਸਬੰਧੀ ਚੰਗੇ ਸਰੋਕਾਰ ਦੇਣ ਲਈ ਵੱਡੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।
ਇਸ ਤੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖ਼ਾਲਸਾਈ ਖੇਡਾਂ ਦੀ ਆਰੰਭਤਾ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਮਰਯਾਦਾ ਅਨੁਸਾਰ ਕਰ ਰਹੀ ਹੈ, ਉਥੇ ਹੀ ਸਿੱਖਿਆ, ਸਿਹਤ, ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਕਾਰਜਸ਼ੀਲ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਸਿੰਘ ਸਿੱਧੂ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਸ. ਕੇਵਲ ਸਿੰਘ ਐਡੀਸ਼ਨਲ ਸਕੱਤਰ ਸਪੋਰਟਸ ਨੇ ਸਟੇਜ਼ ਦੇ ਫ਼ਰਜ਼ ਨਿਭਾਏ। ਉਦਘਾਟਨੀ ਸਮਾਰੋਹ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸਕੱਤਰ ਡਾ. ਰੂਪ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਪਰਮਜੀਤ ਸਿੰਘ ਰਾਏਪੁਰ, ਐਡੀਸ਼ਨਲ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਕੇਵਲ ਸਿੰਘ ਭੂਰਾਕੋਹਨਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਚਾਨਣ ਸਿੰਘ ਦੀਪੇਵਾਲ, ਸ. ਸਿਮਰਜੀਤ ਸਿੰਘ ਕੰਗ, ਇੰਜ: ਸਵਰਣ ਸਿੰਘ, ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਪ੍ਰਿੰਸੀਪਲ ਸਤਵੰਤ ਕੌਰ, ਡਾ. ਪ੍ਰਭਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਇੰਚਾਰਜ ਸ. ਜਗੀਰ ਸਿੰਘ, ਸ. ਤੇਜਿੰਦਰ ਸਿੰਘ, ਸ. ਸਤਿੰਦਰ ਸਿੰਘ ਮੈਨੇਜਰ, ਸ. ਸਰਬਜੀਤ ਸਿੰਘ ਧੂੰਦਾ ਮੈਨੇਜਰ, ਸ. ਗੁਰਬਖ਼ਸ਼ ਸਿੰਘ ਮੈਨੇਜਰ, ਡਾ. ਸੁਖਦੇਵ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰਿੰਸੀਪਲ ਵਰਿੰਦਰ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰਿੰਸੀਪਲ ਕਵਲਜੀਤ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।