ਅੰਮ੍ਰਿਤਸਰ 29 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਸ਼ ਭਰ ਵਿਚ ਪਿੰਡ ਪੱਧਰ ‘ਤੇ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਲਹਿਰ ਤਹਿਤ ਜਲਾਲਾਬਾਦ ਅਤੇ ਫਾਜ਼ਿਲਕਾ ਵਿਖੇ ਸਿੱਖੀ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਉਥੋਂ ਦੇ ਕਈ ਪਰਿਵਾਰਾਂ ਨੇ ਸਿੱਖੀ ਸਰੂਪ ਵੱਲ ਮੁੜਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸ ਮਹੱਤਵਪੂਰਨ ਸਫਲਤਾ ‘ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸ. ਅਵਤਾਰ ਸਿੰਘ ਸੈਂਪਲਾ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਨੇ ਅੰਮ੍ਰਿਤ ਛੱਕਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਮੂਹ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਤੇ ਵਧਾਈ ਵੀ ਦਿੱਤੀ।
  ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕਿਹਾ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਅਤੇ ਸੁਯੋਗ ਅਗਵਾਈ ਸਦਕਾ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਦੇਸ਼ ਭਰ ਵਿਚ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਨੂੰ ਸਮੂਹ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਪ੍ਰੇਰਨਾ ਸਦਕਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਫਾਜ਼ਿਲਕਾ ਤੋਂ ਕੌਮੀ ਸਕੱਤਰ ਸ. ਦਿਲਬਾਗ ਸਿੰਘ ਵਿਰਕ ਵੱਲੋਂ ਉਥੇ ਚੱਲ ਰਹੇ ਪ੍ਰਚਾਰ ਕਾਰਜਾਂ ਲਈ ਕੀਤੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਪ੍ਰਚਾਰਕ ਸ. ਜਸਵਿੰਦਰਪਾਲ ਸਿੰਘ ਦੀਆਂ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਾਲਾਬਾਦ ਅਤੇ ਫਾਜ਼ਿਲਕਾ ਵਿਖੇ ਲਗਾਏ ਗੁਰਮਤਿ ਕੈਂਪਾਂ ਰਾਹੀਂ ਕੀਤੇ ਗਏ ਪ੍ਰਭਾਵਸ਼ਾਲੀ ਪ੍ਰਚਾਰ ਤੇ ਪ੍ਰੇਰਨਾ ਸਦਕਾ ਕਈ ਪਰਿਵਾਰਾਂ ਨੇ ਸਿੱਖੀ ਸਰੂਪ ਧਾਰਨ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਧ ਰਹੀਆਂ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਲਈ ਗੁਰਮਤਿ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੰਦਰੁਤ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਲਹਿਰ ਨੇ ਇਥੋਂ ਤਕ ਸਫਲਤਾ ਹਾਸਲ ਕਰ ਲਈ ਹੈ ਕਿ ਸੰਗਤਾਂ ਵੱਲੋਂ ਖ਼ੁਦ ਆਪਣੇ ਇਲਾਕਿਆਂ, ਪਿੰਡਾਂ, ਕਸਬਿਆਂ ਵਿਚ ਗੁਰਮਤਿ ਸਿਖਲਾਈ ਕੈਂਪ ਅਤੇ ਗੁਰਮਤਿ ਸਮਾਗਮ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਤੀਕ ਪਹੁੰਚ ਕੀਤੀ ਜਾ ਰਹੀ ਹੈ, ਜੋ ਇੱਕ ਸਾਰਥਕ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਪੱਧਰ ‘ਤੇ ਆਪਣੇ ਪ੍ਰਚਾਰਕ ਤੇ ਧਾਰਮਿਕ ਅਧਿਆਪਕ ਵੀ ਭੇਜੇ ਜਾ ਰਹੇ ਹਨ ਜੋ ਬਹੁਤ ਪ੍ਰਸ਼ੰਸਾਯੋਗ ਕਾਰਜ ਕਰ ਰਹੇ ਹਨ।  
  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਗੁਰਕੀਤਰਨ ਸਿੰਘ, ਸ. ਗੁਰਦੇਵ ਸਿੰਘ ਤੇ ਸ. ਜੁਗਰਾਜ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ, ਸ. ਦੀਵਾਨ ਸਿੰਘ, ਸ. ਕਸ਼ਮੀਰ ਸਿੰਘ, ਸ. ਧਰਮਪਾਲ ਸਿੰਘ, ਸ. ਗਿਆਨ ਸਿੰਘ, ਸ. ਓਮਪ੍ਰਕਾਸ਼ ਸਿੰਘ, ਸ. ਪਰਮਜੀਤ ਸਿੰਘ ਅਤੇ ਸੰਗਤਾਂ ਹਾਜ਼ਰ ਸਨ।