ਅੰਮ੍ਰਿਤਸਰ, ੫ ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਸਿੱਖ ਮਿਸ਼ਨਾਂ ਦੇ ਇੰਚਾਰਜਾਂ, ਮਿਸ਼ਨਰੀ ਕਾਲਜਾਂ ਤੇ ਵਿਦਿਆਲਿਆਂ ਦੇ ਪ੍ਰਿੰਸੀਪਲਾਂ ਅਤੇ ਧਰਮ ਪ੍ਰਚਾਰ ਲਹਿਰ ਦੇ ਜੋਨ ਇੰਚਾਰਜਾਂ ਨਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਬੈਠਕ ਕੀਤੀ। ਇਸ ਦੌਰਾਨ ਧਰਮ ਪ੍ਰਚਾਰ ਸਬੰਧੀ ਅਗਲੀ ਰੂਪ-ਰੇਖਾ ਉਲੀਕਣ ਲਈ ਵਿਚਾਰ-ਵਿਟਾਂਦਰਾ ਹੋਇਆ ਅਤੇ ਵਰਤਮਾਨ ਸਮੇਂ ਦੀ ਸੇਧ ਵਿਚ ਏਜੰਡਾ ਤਿਆਰ ਕਰਨ ਲਈ ਰਾਏ ਲਈ ਗਈ। ਜ਼ਮੀਨੀ ਪੱਧਰ ‘ਤੇ ਵਿਚਰ ਰਹੇ ਸਿੱਖ ਮਿਸ਼ਨਾਂ ਦੇ ਪ੍ਰਤੀਨਿਧਾਂ ਅਤੇ ਗੁਰਮਤਿ ਸੰਸਥਾਵਾਂ ਦੇ ਮੁਖੀਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੀਆਂ ਤਰਜ਼ੀਹਾਂ ਵਿਚ ਤਬਦੀਲੀ ਲਿਆਉਣ ਦੀ ਵੱਡੀ ਲੋੜ ਹੈ। ਪ੍ਰੰਪਰਿਕ ਢੰਗ ਨਾਲ ਕੀਤੇ ਜਾ ਰਹੇ ਧਰਮ ਪ੍ਰਚਾਰ ਦੇ ਨਾਲ-ਨਾਲ ਅੱਜ ਦੀ ਨੌਜੁਆਨੀ ਦੇ ਵਿਚਾਰਾਂ ਨੂੰ ਸਮਝ ਕੇ ਉਸ ਅਨੁਸਾਰ ਵਿਉਂਤਬੰਦੀ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਕੋਲ ਵੱਡਾ ਵਿਚਾਰ ਪ੍ਰਵਾਹ ਹੈ, ਜਿਸ ਨੂੰ ਫੈਲਾਉਣ ਲਈ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ। ਪ੍ਰਚਾਰਕ ਸ਼੍ਰੇਣੀ ਨੂੰ ਧਰਮ ਪ੍ਰਚਾਰ ਇਕ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਅਤੇ ਇਸ ਖੇਤਰ ਵਿਚ ਆਉਂਦੀਆਂ ਚੁਣੋਤੀਆਂ ‘ਚੋਂ ਨਿਕਲਣ ਲਈ ਗੁਰਬਾਣੀ, ਸਿੱਖ ਪ੍ਰੰਪਰਾਵਾਂ, ਮਰਯਾਦਾ ਅਤੇ ਇਤਿਹਾਸ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਮਿਆਂ ਅੰਦਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣ ਲਈ ਨਵੀਆਂ ਸੇਧਾਂ ‘ਤੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਹਰ ਉਮਰ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਅਤੇ ਉਨ੍ਹਾਂ ਨੂੰ ਸਮਝ ਕੇ ਧਰਮ ਪ੍ਰਚਾਰ ਲਈ ਅੱਗੇ ਵਧਣਾ ਸਾਡੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਇਸੇ ਦਿਸ਼ਾ ਵਿਚ ਹੀ ਇਕ ਏਜੰਡਾ ਤਹਿ ਕਰਕੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਪ੍ਰਵਾਨਗੀ ਪ੍ਰਾਪਤ ਕੀਤੀ ਜਾਵੇਗੀ। ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਕਿਹਾ ਕਿ ਉਹ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸੁਝਾਵਾਂ ਅਤੇ ਸਹਿਯੋਗ ਨਾਲ ਧਰਮ ਪ੍ਰਚਾਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸਭਾ-ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ, ਸਕੂਲਾਂ ਕਾਲਜਾਂ ਅਤੇ ਸੰਗਤਾਂ ਦਾ ਸਹਿਯੋਗ ਵੀ ਲਿਆ ਜਾਵੇਗਾ।
ਇਸ ਮੌਕੇ ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਨਿਸ਼ਾਨ ਸਿੰਘ, ਪ੍ਰੋ. ਸੁਖਦੇਵ ਸਿੰਘ, ਡਾ. ਚਮਕੌਰ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਪ੍ਰਿੰ: ਰਾਜਪਾਲ ਸਿੰਘ, ਸ. ਬ੍ਰਿਜਪਾਲ ਸਿੰਘ, ਸ. ਸਤਵਿੰਦਰ ਸਿੰਘ ਫੂਲਪੁਰ, ਸ. ਗੁਰਮੀਤ ਸਿੰਘ ਸੈਣੀ, ਸ. ਜਸਬੀਰ ਸਿੰਘ ਦਿੱਲੀ, ਪ੍ਰਿੰ: ਜੋਗੇਸ਼ਵਰ ਸਿੰਘ, ਭਾਈ ਜਗਦੇਵ ਸਿੰਘ, ਸ. ਗੁਰਸੇਵਕ ਸਿੰਘ, ਸ. ਭੋਲਾ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਸ. ਕਰਤਾਰ ਸਿੰਘ, ਸ. ਜਸਵਿੰਦਰ ਸਿੰਘ ਸ਼ਹੂਰ ਆਦਿ ਮੌਜੂਦ ਸਨ।