ਅੰਮ੍ਰਿਤਸਰ, ੫ ਮਾਰਚ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਲੰਗਰ ਸੇਵਾ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਬਲਦੇਵ ਸਿੰਘ ਚੂੰਘਾ ਅਤੇ ਬਾਬਾ ਕਰਨੈਲ ਸਿੰਘ ਟੱਲੇਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਸੰਗਤਾਂ ਇਥੇ ਪੁੱਜੀਆਂ, ਜਿਨ੍ਹਾਂ ਨੇ ਲੰਗਰ ਸੇਵਾ ਕਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤ ਵੱਲੋਂ ਲੰਗਰ ਲਈ ਆਟਾ, ਦਾਲਾਂ, ਚਾਵਲ, ਚਾਹ ਪੱਤੀ, ਖੰਡ, ਘਿਓ, ਰੀਫਾਇੰਡ, ਸਰੋਂ ਦਾ ਤੇਲ, ਦੇਸੀ ਘਿਓ, ਕਣਕ, ਪਿਆਜ, ਸਬਜ਼ੀਆਂ, ਮਸਾਲੇ, ਡਰਾਈ ਫਰੂਟ ਅਤੇ ਦੁੱਧ ਆਦਿ ਰਸਦਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸ. ਬਲਦੇਵ ਸਿੰਘ ਚੂੰਘਾ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਲਈ ਅਧਿਆਤਮਿਕਤਾ ਦਾ ਕੇਂਦਰ ਹੈ। ਇਥੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਕੇ ਲੰਗਰ ‘ਚ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀਆਂ ਹਨ। ਇਥੇ ਲੰਗਰ ਸੇਵਾ ਦਾ ਸੁਭਾਅ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਬਰਨਾਲੇ ਦੀਆਂ ਸੰਗਤਾਂ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਸੇਵਾ ਕਰਨ ਲਈ ਪੁੱਜਦੀਆਂ ਹਨ। ਇਸ ਸਬੰਧ ਵਿਚ ਸੰਗਤਾਂ ਉਤਸ਼ਾਹ ਨਾਲ ਹਿੱਸਾ ਲੈਂਦੀਆਂ ਹਨ।
ਲੰਗਰ ਸੇਵਾ ਲੈ ਕੇ ਪੁੱਜੇ ਸ. ਬਲਦੇਵ ਸਿੰਘ ਚੂੰਘਾ, ਬਾਬਾ ਕਰਨੈਲ ਸਿੰਘ ਟੱਲੇਵਾਲ ਅਤੇ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਲੰਗਰ ਵਿਖੇ ਸੇਵਾ ਦਾ ਸਬੱਬ ਪ੍ਰਾਪਤ ਹੋਣਾ ਖੁਸ਼ਕਿਸਮਤੀ ਹੈ। ਇਸ ਮੌਕੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਮੈਨੇਜਰ ਸ. ਮਨਜਿੰਦਰ ਸਿੰਘ ਮੰਡ, ਸਾਬਕਾ ਵਧੀਕ ਮੈਨੇਜਰ ਸ. ਹਰਜਿੰਦਰ ਸਿੰਘ, ਗਿਆਨੀ ਭਗਵਾਨ ਸਿੰਘ ਤਪਾ, ਬਾਬਾ ਗੁਰਪ੍ਰੀਤ ਸਿੰਘ ਭਦੌੜ, ਐਸ.ਡੀ.ਓ. ਸਵਰਨ ਸਿੰਘ, ਬਾਬਾ ਕੌਰ ਜੀ ਮੱਲ ਸਿੰਘ ਵਾਲਾ, ਸ. ਗੁਰਵੇਲ ਸਿੰਘ, ਡਾ. ਅਜੀਤ ਸਿੰਘ ਸਿੱਧੂ, ਸ. ਹਰਵਿੰਦਰ ਸਿੰਘ ਆਦਿ ਮੌਜੂਦ ਸਨ।