-ਸਰਾਵਾਂ, ਵਾਹਨ ਪਾਰਕਿੰਗ ਤੇ ਦਫ਼ਤਰੀ ਕੰਪਲੈਕਸ ਬਣਾਉਣ ਲਈ ਜੀ.ਟੀ. ਰੋਡ ’ਤੇ ਖਰੀਦੀ ਜਾਵੇਗੀ ਜ਼ਮੀਨ-ਐਡਵੋਕੇਟ ਧਾਮੀ

-ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਕਈ ਅਹਿਮ ਫੈਸਲੇ

ਅੰਮ੍ਰਿਤਸਰ, 26 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਇਥੇ ਹੋਈ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਅਹਿਮ ਫੈਸਲਿਆਂ ਨੂੰ ਵੀ ਅੰਤ੍ਰਿੰਗ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ ਅਤੇ ਇਥੇ ਪ੍ਰਬੰਧਾਂ ਨੂੰ ਹੋਰ ਚੁਸਤ ਦਰੁਸਤ ਬਨਾਉਣ ਲਈ ਹਰ ਦਰਵਾਜ਼ੇ ’ਤੇ ਸਕੈਨਰ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵੱਡੀ ਆਮਦ ਬਣੀ ਰਹਿੰਦੀ ਹੈ, ਜਿਸ ਦੇ ਠਹਿਰਣ ਲਈ ਨਵੀਆਂ ਸਰਾਵਾਂ ਦੀ ਵੱਡੀ ਲੋੜ ਹੈ। ਇਸ ਸਬੰਧ ਵਿਚ ਅੰਤ੍ਰਿੰਗ ਕਮੇਟੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਨਗਰ ਨਿਗਮ ਦੀ ਹੱਦ ਤੋਂ ਬਾਹਰ ਖਾਸਕਰ ਜੀ. ਟੀ. ਰੋਡ ’ਤੇ ਜ਼ਮੀਨ ਖਰੀਦਣ ਦਾ ਫੈਸਲਾ ਲਿਆ ਹੈ। ਇਸ ਕਾਰਜ ਲਈ ਇਕ ਸਬ-ਕਮੇਟੀ ਸਥਾਪਤ ਕੀਤੀ ਗਈ ਹੈ, ਜੋ ਜ਼ਮੀਨ ਦੀ ਤਲਾਸ਼ ਕਰਕੇ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਜੀ.ਟੀ. ਰੋਡ ’ਤੇ ਖਰੀਦੀ ਜਾਣ ਵਾਲੀ ਇਸ ਜਗ੍ਹਾ ਵਿਚ ਵੱਡੀਆਂ ਸਰਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਥੋਂ ਵਿਸ਼ੇਸ਼ ਗੱਡੀਆਂ ਲਗਾ ਕੇ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਲਿਆਂਦਾ ਜਾਵੇਗਾ। ਇਥੇ ਵਿਸ਼ਾਲ ਪਾਰਕਿੰਗ ਦੇ ਪ੍ਰਬੰਧ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਕੁਝ ਦਫ਼ਤਰ ਵੀ ਤਬਦੀਲ ਕਰਨ ਦੀ ਵੀ ਯੋਜਨਾ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਦੀਆਂ ਖੇਡ ਅਕੈਡਮੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਣਾਉਣ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਬੱਡੀ ਅਤੇ ਹਾਕੀ ਦੀਆਂ ਅਕੈਡਮੀਆਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਈ ਮਹੀਨੇ ਤੋਂ ਪੰਜਾਬ ਸਮੇਤ ਦੇਸ਼ ਭਰ ਵਿਚ ਸਰਗਰਮ ਧਰਮ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ। ਇਸ ਨੂੰ ਲੈ ਕੇ ਭਾਰਤ ਅੰਦਰ ਸਥਾਪਤ 13 ਸਿੱਖ ਮਿਸ਼ਨ ਅਤੇ ਪੰਜਾਬ ਦੇ ਹਰ ਹਲਕੇ ਵਿਚ ਪ੍ਰਚਾਰਕ ਵੱਡੇ ਅੰਮ੍ਰਿਤ ਸੰਚਾਰ ਅਤੇ ਕੀਰਤਨ ਸਮਾਗਮ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਸੋਲਰ ਸਿਸਟਮ ਸਥਾਪਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਦੀ ਸੇਵਾ ਗੁਰਸ਼ਬਦ ਪ੍ਰਚਾਰ ਸਭਾ ਕਰਵਾਏਗੀ। ਇਸੇ ਦੌਰਾਨ ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਪਰਕਿਰਿਆ ਸੁਖਾਲੀ ਕੀਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰਨ ਸਕਣ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਬਾਬਾ ਗੁਰਪ੍ਰੀਤ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਖਬੀਰ ਸਿੰਘ, ਸ. ਨਿਰਵੈਲ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਗੁਰਚਰਨ ਸਿੰਘ ਕੁਹਾਲਾ, ਸ. ਅਜ਼ਾਦਦੀਪ ਸਿੰਘ, ਸ. ਗੁਰਨਾਮ ਸਿੰਘ, ਸ. ਲਖਬੀਰ ਸਿੰਘ ਆਦਿ ਮੌਜੂਦ ਸਨ।