੪੫੦ ਖਿਡਾਰੀ ਪਹੁੰਚੇ, ਤਿੰਨ ਦਿਨ ਚੱਲਣਗੇ ਟਰਾਇਲ

ਅੰਮ੍ਰਿਤਸਰ, ੯ ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਖਿਡਾਰੀਆਂ ਦੀ ਚੋਣ ਲਈ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟਰਾਇਲ ਆਰੰਭ ਹੋਏ, ਜੋ ੧੧ ਮਈ ਤੱਕ ਚੱਲਣਗੇ। ਟਰਾਇਲ ਦੇਣ ਲਈ ਪੰਜਾਬ ਭਰ ‘ਚੋਂ ੪੫੦ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸਪੋਰਟਸ ਸ. ਕੇਵਲ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਨੌਜੁਆਨੀ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਬਤ ਸੂਰਤ ਹਾਕੀ ਖਿਡਾਰੀ ਤਿਆਰ ਕਰਨ ਲਈ ਅੰਡਰ-੧੪, ਅੰਡਰ-੧੭ ਤੇ ਅੰਡਰ-੧੯ ਤਿੰਨ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੰਡਰ-੧੪ ਲਈ ਫਰੀਦਕੋਟ ਵਿਖੇ ਜਦਕਿ ਅੰਡਰ-੧੭ ਅਤੇ ਅੰਡਰ-੧੯ ਲਈ ਬਾਬਾ ਬਕਾਲਾ ਵਿਖੇ ਹਾਕੀ ਅਕੈਡਮੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਹਰ ਸਾਲ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਆਪਣੇ ਨਾਮ ਦਰਜ਼ ਕਰਵਾਏ ਹਨ ਅਤੇ ਤਿੰਨ ਦਿਨ ਚੱਲਣ ਵਾਲੇ ਟ੍ਰਾਇਲਾਂ ਦੌਰਾਨ ਯੋਗ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਕਰਨ ਲਈ ਸ. ਗੁਰਬਾਜ਼ ਸਿੰਘ ਉਲੰਪੀਅਨ ਡੀ.ਐਸ.ਪੀ., ਸ. ਗੁਰਵਿੰਦਰ ਸਿੰਘ ਸੰਘਾ ਅੰਤਰਰਾਸ਼ਟਰੀ ਹਾਕੀ ਅੰਪਾਇਰ, ਸ. ਹਰਬੰਸ ਸਿੰਘ ਅੰਤਰਾਸ਼ਟਰੀ ਅੰਪਾਇਰ, ਸ. ਗੁਰਮੀਤ ਸਿੰਘ ਆਫੀਸ਼ੀਅਲ ਹਾਕੀ ਇੰਡੀਆ, ਸ. ਗੁਣਦੀਪ ਸਿੰਘ ਉਲੰਪੀਅਨ ਅਤੇ ਸ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੇਵਾਵਾਂ ਨਿਭਾਉਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚੁਣੇ ਜਾਣ ਵਾਲੇ ਖਿਡਾਰਿਆਂ ਨੂੰ ਰਿਹਾਇਸ਼, ਖਾਣਾ, ਪੜ੍ਹਾਈ, ਟਰੇਨਿੰਗ, ਸਪੋਰਟਸ ਕਿੱਟਾਂ ਆਦਿ ਸਮਾਨ ਮੁਫ਼ਤ ਦਿੱਤਾ ਜਾਵੇਗਾ।

ਇਸ ਮੌਕੇ ਮੀਤ ਸਕੱਤਰ ਸਪੋਰਟਸ ਸ. ਤੇਜਿੰਦਰ ਸਿੰਘ ਪੱਡਾ, ਸ. ਬਲਦੇਵ ਸਿੰਘ ਸੀਨੀਅਰ ਹਾਕੀ ਕੋਚ, ਸ. ਪ੍ਰੇਮ ਸਿੰਘ, ਸ. ਭੁਪਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਅਤੇ ਅਵਤਾਰ ਸਿੰਘ ਹਾਕੀ ਕੋਚ ਸਮੇਤ ਹੋਰ ਮੌਜੂਦ ਸਨ।