7 ਦਿਨਾਂ ਕੈਂਪ ਦੌਰਾਨ 300 ਬੱਚਿਆਂ ਨੇ ਹਾਸਲ ਕੀਤੀ ਸਿੱਖ ਧਰਮ ਇਤਿਹਾਸ ਬਾਰੇ ਜਾਣਕਾਰੀ
 
ਅੰਮ੍ਰਿਤਸਰ, 3 ਜੂਨ-
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਉੱਤਰ ਪ੍ਰਦੇਸ਼ ਸਿਖ ਮਿਸ਼ਨ ਹਾਪੜ ਵੱਲੋਂ ਮੀਰੀ ਪੀਰੀ ਅਕੈਡਮੀ ਨਵਾਬਗੰਜ ਬਿਲਾਸਪੁਰ ਵਿਖੇ ਬੱਚਿਆਂ ਅਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਵਿਚ 300 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕਰਕੇ ਸਿੱਖ ਧਰਮ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇੱਕ ਹਫਤੇ ਦੇ ਇਸ ਕੈਂਪ ਵਿਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸਿੱਖ ਮਿਸ਼ਨ ਹਾਪੁੜ ਦੇ ਪ੍ਰਚਾਰਕਾਂ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਦੀ ਮੁਢਲੀ ਸਿਖਲਾਈ ਦੇਣ ਤੇ ਗੁਰਬਾਣੀ ਸੰਥਿਆ ਕਰਵਾਉਣ ਦੇ ਨਾਲ ਨਾਲ ਸਿੱਖ ਇਤਿਹਾਸ ਦ੍ਰਿੜ ਕਰਵਾਇਆ। ਇਸ ਦੇ ਨਾਲ ਹੀ ਗਤਕਾ ਅਧਿਆਪਕ ਨੇ ਸਿੱਖ ਮਾਰਸ਼ਲ ਆਰਟ ਦੀਆਂ ਕਲਾਸਾਂ ਵੀ ਲਗਾਈਆਂ। ਕੈਂਪ ਦੌਰਾਨ ਗੁਰਬਾਣੀ ਕੀਰਤਨ, ਕਵੀਸ਼ਰੀ, ਗੁਰਬਾਣੀ ਕੰਠ, ਸਿੱਖ ਇਤਿਹਾਸ ਦੇ ਆਮ ਗਿਆਨ ਸਬੰਧੀ ਜਾਣਕਾਰੀ ਦੇ ਮੁਕਾਬਲੇ ਵੀ ਕਰਵਾਏ ਗਏ।
 
ਸਮਾਪਤੀ ਸਮਾਰੋਹ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸ਼ਮੂਲੀਅਤ ਕਰਦਿਆਂ ਜਿਥੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੈਂਪ ਵਿਚ ਸਹਿਯੋਗ ਕਰਨ ਵਲੀਆਂ ਸ਼ਖਸੀਅਤਾਂ ਤੇ ਸਿੱਖ ਮਿਸ਼ਨ ਹਾਪੜ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਇਹ ਕੈਂਪ ਹਰ ਸਾਲ ਜਾਰੀ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਤਰ ਪ੍ਰਦੇਸ਼ ਦੇ ਸਿੱਖ ਵੱਸੋਂ ਵਾਲੇ ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਵਿਚ ਬੱਚਿਆਂ ਨੂੰ ਸਮੇਂ ਸਮੇਂ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਸਿੱਖੀ ਪ੍ਰਚਾਰ ਕਰਨਾ ਸ਼੍ਰੋਮਣੀ ਕਮੇਟੀ ਦਾ ਮੁੱਖ ਟੀਚਾ ਹੈ, ਜਿਸ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਥੇ ਬਾਖੂਬੀ ਕਾਰਜ ਕਰ ਰਹੇ ਹਨ।
 
ਇਸੇ ਦੌਰਾਨ ਕੈਂਪ ਵਿਚ ਭਾਗ ਭਾਗ ਲੈਣ ਵਾਲੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਵੱਲੋਂ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ, ਪ੍ਰਚਾਰਕ ਭਾਈ ਹਰਜਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਕਵਸ਼ਿਰ ਭਾਈ ਸਤਨਾਮ ਸਿੰਘ, ਰਾਗੀ ਭਾਈ ਬ੍ਰਹਮ ਸਿੰਘ, ਸ. ਅਨੂਪ ਸਿੰਘ ਆਦਿ ਹਾਜ਼ਰ ਸਨ।