ਸਿੱਖ ਕੌਮ ਮੁਸ਼ਕਿਲ ਹਾਲਾਤਾਂ ਵਿਚੋਂ ਵੀ ਹਮੇਸ਼ਾਂ ਚੜ੍ਹਦੀ ਕਲਾ ਨਾਲ ਬਾਹਰ ਨਿਕਲੀ ਹੈ- ਜਥੇਦਾਰ ਅਵਤਾਰ ਸਿੰਘ
ਬੰਦੀ ਛੋੜ ਦਿਵਸ ਦੀਵਾਲੀ ‘ਤੇ ਕੌਮ ਦੇ ਨਾਂਅ ਸੰਦੇਸ਼
11nov diwaliਅੰਮ੍ਰਿਤਸਰ- ੧੧ ਨਵੰਬਰ (      ) – ਮੀਰੀ ਪੀਰੀ ਦੇ ਮਾਲਕ ‘ਛਠਮ ਪੀਰ’ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਰੁਹਾਨੀਆਤ ਦੇ ਕੇਂਦਰ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਉਪਰੋਂ ਸਿੰਘਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ ਅਤੇ ਸਿੰਘਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਨਾਲ ਵਿਚਾਰ ਸ਼ਾਂਝੇ ਕਰਦਿਆਂ ਮੁਬਾਰਿਕਬਾਦ ਦਿੱਤੀ।
ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੰਦੀ-ਛੋੜ ਦਿਵਸ ‘ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾਂ ਵਿਚ ਅਤੇ ਮੀਰੀ ਪੀਰੀ ਦੇ ਮਾਲਕ ‘ਛਠਮ ਪੀਰ’ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਤਾਬਿਆ ਦੇਸ਼-ਵਿਦੇਸ਼ ਤੋਂ ਜੁੜੀਆਂ ਸਿੱਖ ਸੰਗਤਾਂ ਸ਼ਰਧਾ ਸਤਿਕਾਰ ਭੇਟ ਕਰ ਰਹੀਆਂ ਹਨ।ਅੱਜ ਦਾ ਇਹ ਮਹਾਨ ਦਿਹਾੜਾ ਸਾਨੂੰ ਇਤਿਹਾਸ ਦੇ ਉਨ੍ਹਾਂ ਦਿਨਾਂ ਦੀ ਯਾਦ ਕਰਵਾਉਂਦਾ ਹੈ ਜਦ ਛੇਵੇਂ ਸਤਿਗੁਰੂ ਮੀਰੀ-ਮੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮੇਂ ਦੀ ਹਕੂਮਤ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤੇ ੫੨ ਰਾਜਿਆਂ ਨੂੰ ਮੁਕਤ ਕਰਵਾ ਕੇ ਦੁਨੀਆਂ ਦੇ ਇਤਿਹਾਸ ਵਿਚ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਕਰਕੇ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੰਦੀ-ਛੋੜ ਦਾਤਾ ਕਹਿ ਕੇ ਸਤਿਕਾਰਿਆ ਜਾਂਦਾ ਹੈ।ਸਾਡੀ ਕੌਮ ਨੂੰ ਮਾਣ ਹੈ ਕਿ ਥੋੜੇ ਸਮੇਂ ਵਿਚ ਇਸਨੇ ਦੁਨੀਆਂ ਦੇ ਨਕਸ਼ੇ ਉਤੇ ਆਪਣੀ ਵੱਖਰੀ ਹੋਂਦ ਤੇ ਪਹਿਚਾਣ ਬਣਾਈ ਹੈ। ਇਹ ਕੋਈ ਸਾਡੀ ਆਪਣੀ ਜਾਤ ਜਾਂ ਹਸਤੀ ਦੀ ਬਦੋਲਤ ਨਹੀਂ ਹੈ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਦੀ ਘਾਲਣਾ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵੱਲੋਂ ਬਖਸ਼ੀ ਜੀਵਨ-ਜਾਚ ਅਤੇ ਮਹਾਨ ਫਲਸਫ਼ੇ ਦੀ ਦੇਣ ਹੈ। ਸੰਸਾਰ ਦੇ ਪ੍ਰਮੁੱਖ ਚਿੰਤਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦਾ ਗੁਰੂ ਕਹਿ ਕੇ ਸਤਿਕਾਰ ਦਿੱਤਾ ਹੈ। ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਮੁੱਚਾ ਵਿਸ਼ਵ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਪ੍ਰਾਪਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਦੀ ਧਰਤੀ ‘ਤੇ ਪੰਥ ਦੋਖੀ ਸ਼ਕਤੀਆਂ ਵੱਲੋਂ ਗੁਰੂ ਗੰ੍ਰਥ ਅਤੇ ਪੰਥ ਨੂੰ ਢਾਅ ਲਾਉਣ ਦੀਆਂ ਨਾਪਾਕ ਅਤੇ ਕੋਝੀਆਂ ਹਰਕਤਾਂ ਨੇ ਸਮੁੱਚੀ ਕੌਮ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀਆਂ ਘਟਨਾਵਾਂ ਨਾਲ ਵਿਸ਼ਵ ਵਿਚ ਫੈਲਿਆ ਸਿੱਖ ਭਾਈਚਾਰਾ ਡੂੰਘੇ ਮਾਨਸਿਕ ਸੰਤਾਪ ਵਿਚੋਂ ਗੁਜਰ ਰਿਹਾ ਹੈ। ਅਜਿਹੇ ਸ਼ਰਾਰਤੀ ਲੋਕ ਆਪਣੇ ਨਾਪਾਕ ਮਨਸੂਬਿਆਂ ਦੁਆਰਾ ਕੌਮ ਅੰਦਰ ਭਰਾ ਮਾਰੂ ਜੰਗ ਦਾ ਮਹੌਲ ਸਿਰਜ ਰਹੇ ਹਨ। ਦਾਨਿਸ਼ਵਰਾਂ ਦਾ ਕਥਨ ਹੈ ਕਿ ਜਦ ਕੌਮਾਂ ਦੇ ਅੰਦਰ ਭਰਾ ਮਾਰੂ ਜੰਗ ਸ਼ੁਰੂ ਹੋ ਜਾਵੇ ਤਾਂ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਰਹਿੰਦੀ। ਕੌਮਾਂ ਆਪਣੇ ਆਪ ਹੀ ਬਰਬਾਦ ਹੋ ਜਾਂਦੀਆਂ ਹਨ। ਇਸ ਲਈ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਅੱਜ ਅੰਦਰੋਂ ਅਤੇ ਬਾਹਰੋਂ ਸੁਚੇਤ ਹੋ ਕੇ ਅਜਿਹੇ ਅਨਸਰਾਂ ਦੀਆਂ ਸਾਜਿਸਾਂ ਨੂੰ ਪਿਛਾੜ ਕੇ ਕੌਮੀ ਏਕਤਾ ਅਤੇ ਸਦਭਾਵਨਾਂ ਦਾ ਪ੍ਰਗਟਾਵਾ ਕਰਨ ਦੀ ਸਖ਼ਤ ਜਰੂਰਤ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਸਿੱਖ ਕੌਮ ਦੇ ਜਿੰਦ-ਪ੍ਰਾਣ ਹਨ। ਪਰ ਸ਼ਰਾਰਤੀ ਲੋਕਾਂ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਘਿਨਾਉਣਾ ਪਾਪ ਕੀਤਾ ਗਿਆ ਹੈ। ਅਜਿਹੇ ਸਮੇਂ ਸਾਨੂੰ ਸੁਚੇਤ ਹੋ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਅਦਬ-ਸਤਿਕਾਰ ਕਾਇਮ ਰੱਖਣ ਲਈ ਹਰ ਯਤਨ ਕਰਨਾ ਹੋਵੇਗਾ। ਇਸ ਲਈ ਗੁਰੂ-ਘਰਾਂ ਵਿਚ ਚੌਵੀ ਘੰਟੇ ਪਹਿਰੇ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ। ਸਰਕਾਰ ਦਾ ਵੀ ਇਹ ਪ੍ਰਮੁੱਖ ਫਰਜ ਹੈ ਕਿ ਉਹ ਐਸੇ ਧਰਮ ਤੋਂ ਹੀਣੇ ਸ਼ਰਾਰਤੀ ਲੋਕ ਜੋ ਘਿਨਾਉਣੀ ਕਾਰਵਾਈ ਕਰ ਰਹੇ ਹਨ ਓਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਸਖ਼ਤ ਸਜਾਵਾਂ ਦੇਵੇ। ਇਸ ਸਮੇਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਨਾਜੁਕ ਸਮੇਂ ਵਿਚ ਇਨ੍ਹਾਂ ਸ਼ਰਾਰਤੀ ਅਨਸਰਾਂ ਦਾ ਡੱਟ ਕੇ ਵਿਰੋਧ ਕਰਨ।ਸਦੀਆਂ ਤੋਂ ਸਿੱਖ ਸੰਸਥਾਵਾਂ ਨੇ ਸਿੱਖ ਕੌਮ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ ਹੈ ਅਤੇ ਇਸ ਸਦਕਾ ਹੀ ਦੁਨੀਆਂ ਵਿਚ ਸਾਡੀ ਵੱਖਰੀ ਪਛਾਣ ਬਣੀ ਹੈ। ਕੌਮਾਂਤਰੀ ਪੱਧਰ ‘ਤੇ ਸਿੱਖ ਕੌਮ ਦੀ ਨਿਵੇਕਲੀ ਵੱਖਰੀ ਪਛਾਣ ਵਿਚ ਇਨਾਂ੍ਹ ਸੰਸਥਾਵਾਂ ਦੀ ਫੈਸਲਾਕੁਨ ਭੂਮਿਕਾ ਰਹੀ ਹੈ। ਇਸ ਨਿਵੇਕਲੀ ਪਛਾਣ ਨੂੰ ਮਿਲਗੋਭਾ ਬਣਾਉਣ ਲਈ ਜਿਥੇ ਅਜਿਹੇ ਅਨਸਰ ਬਾਹਰੀ ਰੂਪ ਵਿਚ ਪੰਥ ‘ਤੇ ਸਿੱਧੇ ਹਮਲੇ ਕਰਦੇ ਹਨ ਓਥੇ ਇਨ੍ਹਾਂ ਪੰਥਕ ਸੰਸਥਾਵਾਂ ਨੂੰ ਢਾਹ ਲਾਉਣ ਦੇ ਵੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮੀਰੀ-ਪੀਰੀ ਅਤੇ ਸਿੱਖ ਪ੍ਰਭੂਸਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਯਾਦਾ ਦੁਨੀਆਂ ਵਿਚ ਵਿਲੱਖਣ ਹੈ। ਸਿੱਖ ਕੌਮ ਇਸ ਸੰਸਥਾ ਅੱਗੇ ਸਿਰ ਝੁਕਾਉਂਦੀ ਹੈ। ਇਸ ਲਈ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੰਥਕ ਰਵਾਇਤਾਂ ਨੂੰ ਬਰਕਰਾਰ ਰੱਖਣ ਲਈ ਚੇਤੰਨ ਹੋ ਕੇ ਪਹਿਰਾ ਦੇਣਾ ਪਵੇਗਾ।
ਸਿੱਖ ਕੌਮ ਦੇ ਜੁਝਾਰੂ ਨੌਜਵਾਨ ਜੋ ਜੇਲ੍ਹਾਂ ਦੀਆਂ ਕਾਲ-ਕੋਠਰੀਆਂ ਵਿਚ ਬੰਦ ਹਨ ਓਨ੍ਹਾਂ ਦੀ ਰਿਹਾਈ ਸਬੰਧੀ ਸਿੱਖ ਕੌਮ ਦੀ ਮੰਗ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਜਿਸਨੂੰ ਕੇਂਦਰ ਦੀ ਸਰਕਾਰ ਅਜੇ ਵੀ ਟਾਲਮਟੋਲ ਦੀ ਨੀਤੀ ਅਪਣਾਉਦਿਆਂ ਅੱਗੇ ਪਾਈ ਜਾ ਰਹੀ ਹੈ। ਇਸ ਸਬੰਧੀ ਪੰਥ ਦੇ ਸਬਰ ਦਾ ਪਿਆਲਾ ਨੱਕੋ ਨੱਕ ਭਰ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਮਸਲਾ ਜਲਦੀ ਹੀ ਹੱਲ ਕਰਨਾ ਚਾਹੀਦਾ ਹੈ।ਅੱਜ ਲੋੜ ਹੈ ਸਾਡੀ ਕੌਮ ਦੇ ਸਾਰੇ ਹੀ ਅੰਗ ਆਪੋ-ਆਪਣੇ ਫਰਜ ਨੂੰ ਪਛਾਣਦੇ ਹੋਏ ਸਤਿਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਣ। ਭਾਵੇਂ ਸਾਡੇ ਬੱਚਿਆਂ ਦੇ ਮਾਤਾ-ਪਿਤਾ ਹਨ ਜਾਂ ਸਕੂਲਾਂ-ਕਾਲਜਾਂ ਵਿਚ ਪੜਾਉਣ ਵਾਲੇ ਅਧਿਆਪਕ ਸਾਹਿਬਾਨ, ਲਿਖਾਰੀ ਜਾਂ ਹੋਰ ਵਿਦਵਾਨ ਪੁਰਸ਼ ਹਨ ਜਾਂ ਸਰਕਾਰ ਸਮੇਤ ਵੱਖ-ਵੱਖ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜਮ ਵੀਰ ਹਨ ਜਾਂ ਸਮਾਜਿਕ, ਧਾਰਮਿਕ ਜਾਂ ਹੋਰ ਜਥੇਬੰਦੀਆਂ, ਸਭਾ-ਸੁਸਾਇਟੀਆਂ, ਸੰਪਰਦਾਵਾਂ ਨਾਲ ਜੁੜੀਆਂ ਸੰਗਤਾਂ ਹਨ ਸਭਨਾਂ ਨੂੰ ਚਾਹੀਦਾ ਹੈ ਕਿ ਅਜੋਕੇ ਹਲਾਤ ਵਿਚ ਸਮਾਜ ਅਤੇ ਧਰਮ ਵਿਚ ਆ ਰਹੀ ਗਿਰਾਵਟ ਸਬੰਧੀ ਸੁਚੇਤ ਹੋ ਕੇ ਇਸਨੂੰ ਦੂਰ ਕਰਨ ਵਿਚ ਸਹਿਯੋਗ ਦੇਣ।
ਅੰਤ ਵਿਚ ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਆਪਸੀ ਵੈਰ-ਵਿਰੋਧ, ਈਰਖਾ ਅਤੇ ਨਿੱਜ ਸਵਾਰਥ ਤੋਂ ਉਪਰ ਉੱਠ ਕੇ ਪੀਰ-ਮੀਰੀ ਦੇ ਅਦੁੱਤੀ ਸਿਧਾਂਤ ਨੂੰ ਆਪਣੇ ਜੀਵਨ ਵਿਚ ਧਾਰਨ ਕਰੀਏ ਅਤੇ ਸਮਾਜ, ਆਪਣੇ ਚੋਗਿਰਦੇ ਅਤੇ ਸਮੁੱਚੀ ਮਾਨਵਤਾ ਨੂੰ ਗੁਰੂ ਦੇ ਰੂਹਾਨੀ ਸੰਦੇਸ਼ ਦੇ ਕਲਾਵੇ ਵਿਚ ਲੈ ਸਕੀਏ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਸਾਰਾ ਇਤਿਹਾਸ ਕੁਰਬਾਨੀਆਂ ਤੇ ਚੁਣੌਤੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ (ਦੀਵਾਲੀ) ਦਾ ਤਿਉਹਾਰ ਸਿੱਖ ਕੌਮ ਲਈ ਚੁਣੌਤੀਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚੋਂ ਅਤਿ ਮੁਸ਼ਕਿਲ ਹਾਲਾਤ ਵਿਚ ਵੀ ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾ ਨਾਲ ਬਾਹਰ ਨਿਕਲੀ ਹੈ। ਉਨ੍ਹਾਂ ਕਿਹਾ ਕਿ ਅੱਜ ਅਨੇਕਾਂ ਪੰਥ ਵਿਰੋਧੀ ਸ਼ਕਤੀਆਂ ਸਿੱਖ ਪੰਥ ਦੀ ਸ਼ਾਖ ਨੂੰ ਢਾਹ ਲਾਉਣ ਲਈ ਯਤਨਸ਼ੀਲ ਹਨ। ਪਰ ਜ਼ਰੂਰਤ ਹੈ ਸਿੱਖ ਰਹੁਰੀਤਾਂ ਤੇ ਕਦਰਾਂ ਕੀਮਤਾਂ ‘ਤੇ ਦ੍ਰਿੜ ਰਹਿ ਕੇ ਆਪਣੇ ਧਰਮ ਪ੍ਰਤੀ ਸਿੱਖੀ ਸਿਦਕ ਤੇ ਭਰੋਸਾ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਈਏ। ਉਨ੍ਹਾਂ ਕਿਹਾ ਕਿ ਆਪਣੇ ਗੌਰਵਮਈ ਵਿਰਸੇ ਨੂੰ ਯਾਦਕਰਦਿਆਂ ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਪ੍ਰੇਰਣਾ ਲਈਏ। ਉਨ੍ਹਾਂ ਕਿਹਾ ਕਿ ਪੰਥ ਦੋਖੀ, ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਨਿਆਰੀ ਹੋਂਦ ਤੋਂ ਚਕਰਾ ਰਹੇ ਹਨ। ਇਸੇ ਕਰਕੇ ਉਹ ਸਮੇਂ-ਸਮੇਂ ਪੰਥ ਵਿਰੋਧੀ ਚਾਲਾਂ ਚੱਲਦੇ ਰਹਿੰਦੇ ਹਨ। ਬੀਤੇ ਸਮੇਂ ਵਿਚ ਸਾਹਮਣੇ ਆਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਥ ਵਿਰੋਧੀਆਂ ਦੀ ਕੋਝੀ ਚਾਲ ਦਾ ਹਿੱਸਾ ਹਨ। ਅਜਿਹੇ ਸਮੇਂ ਪੰਥਕ ਏਕਤਾ ਤੇ ਇਤਫਾਕ ਦੀ ਵੱਡੀ ਜ਼ਰੂਰਤ ਹੈ ਤਾਂ ਕਿ ਪੰਥ ਵਿਰੋਧੀਆਂ ਨੂੰਮਾਤ ਦਿੱਤੀ ਜਾ ਸਕੇ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਬੰਦੀਛੋੜ ਦਿਵਸ ‘ਤੇ ਹਾਰਦਿਕ ਮੁਬਾਰਕਬਾਦ ਦਿੱਤੀ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਜਿੱਥੇ ੨੪ ਘੰਟੇ ਗੁਰਬਾਣੀ ਦਾ ਮਨੋਹਰ ਕੀਰਤਨ ਸੰਗਤਾਂ ਲਈ ਰੂਹਾਨੀ ਵਿਸਮਾਦ ਪੈਦਾ ਕਰਦਾ ਹੈ ਓਥੇ ਧਿਆਨ ਸਿੰਘ ਮੰਡ ਤੇ ਉਸਦੇ ਨਾਲ ਆਈ ਮੰਡੀਰ ਵੱਲੋਂ ਸਿੱਖ ਕੌਮ ਦੀਆਂ ਸਤਿਕਾਰਤ ਸਖਸ਼ੀਅਤਾਂ ਪ੍ਰਤੀ ਅਪਮਾਨਜਨਕ (ਭੱਦੀ) ਸ਼ਬਦਾਵਲੀ ਦੀ ਵਰਤੋਂ ਕਰਨ ਦੇ ਨਾਲ-ਨਾਲ ਨਾਹਰੇਬਾਜੀ ਕੀਤੀ ਗਈ, ਜਿਸ ਨਾਲ ਸੰਗਤਾਂ ਦੇ ਮਨਾ ਵਿੱਚ ਭਾਰੀ ਡਰ ਅਤੇ ਸਹਿਮ ਪੈਦਾ ਹੋ ਗਿਆ, ਜੋ ਬਿਲਕੁਲ ਬਰਦਾਸ਼ਤ ਤੋਂ ਬਾਹਰ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸੇ ਵੱਡੇ ਪਦ ਦਾ ਅਹੁਦੇਦਾਰ ਮਹਿਸੂਸ ਕਰਨ ਵਾਲੇ ਵੱਲੋਂ ਅਜਿਹਾ ਕਰਨਾ ਤੇ ਕਰਵਾਉਣਾ ਜਿੱਥੇ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਾਜ ਵਿੱਚ ਦਖਲ ਹੈ ਓਥੇ ਇਸ ਮਹਾਨ ਸੰਸਥਾ ਦੇ ਅਕਸ ਨੂੰ ਪੂਰੀ ਤਰ੍ਹਾਂ ਢਾਹ ਲਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਕੌਮ ਵਿੱਚ ਖੱਲਲ ਪਾ ਕੇ ਵਖਰੇਵੇਂ ਪੈਦਾ ਕਰਦੇ ਹਨ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਮੰਚ ਦੀ ਸੇਵਾ ਜਗਦੇਵ ਸਿੰਘ ਪ੍ਰਚਾਰਕ ਨੇ ਨਿਭਾਈ।