ਅੰਮ੍ਰਿਤਸਰ 10 ਨਵੰਬਰ (        )  ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਨੇੜੇ ਸਰਬੱਤ ਖਾਲਸਾ ਦੇ ਨਾਂਅ ਤੇ ਕੀਤੇ ਗਏ ਇਕੱਠ ਵਿੱਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਸਮੇਤ ਲਏ ਗਏ ਸਾਰੇ ਫੈਸਲਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਇਸ ਸਬੰਧ ਵਿੱਚ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ ਜਾਂ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਸਬੰਧੀ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਜਿਸ ਦੀ ਸਥਾਪਨਾ ਦੇਸ਼ ਦੇ ਕਾਨੂੰਨ ਅਨੁਸਾਰ ਹੋਈ ਹੈ ਜੋ ਲੋਕਤੰਤਰੀ ਵਿਧੀ ਰਾਹੀ ਸਿੱਖ ਪੰਥ ਦੀਆਂ ਵੋਟਾਂ ਲਈ ਚੁਣੀ ਜਾਂਦੀ ਹੈ।ਕੁਝ ਜਥੇਬੰਦੀਆਂ ਵੱਲੋਂ ਕਿਸੇ ਵੀ ਥਾਂ ਤੇ ਇਕੱਠ ਕਰਕੇ ਜਥੇਦਾਰਾਂ ਸਬੰਧੀ ਜਾਂ ਪੰਥ ਸਬੰਧੀ ਕੋਈ ਹੋਰ ਮਹੱਤਵਪੂਰਨ ਫੈਸਲੇ ਲੈਣੇ ਇਕ ਗਲਤ ਪਰੰਪਰਾ ਹੈ।ਇਸ ਨਾਲ ਭਵਿੱਖ ਵਿੱਚ ਖਤਰਨਾਕ ਸਥਿਤੀਆਂ ਪੈਦਾ ਹੋ ਸਕਦੀਆਂ ਹਨ।ਇਸੇ ਤਰ੍ਹਾਂ ਹੋਰ ਵੱਖ-ਵੱਖ ਧਿਰਾਂ ਤੇ ਜਥੇਬੰਦੀਆਂ ਵੀ ਇਕੱਠੀਆਂ ਹੋ ਕੇ ਆਪਣੇ ਵੱਲੋਂ ਹੋਰ ਵਿਅਕਤੀਆਂ ਨੂੰ ਜਥੇਦਾਰ ਨਿਯੁਕਤ ਕਰ ਸਕਦੀਆਂ ਹਨ ਅਤੇ ਇਸ ਸਿਲਸਿਲੇ ਦਾ ਕੋਈ ਅੰਤ ਨਹੀਂ ਰਹੇਗਾ।ਸਮੁੱਚੀ ਕੌਮ ਅੰਦਰ ਦਵੰਦ ਤੇ ਦੁਫੇੜ ਦਾ ਪਸਾਰ ਹੋਵੇਗਾ।ਇਹ ਕਾਰਵਾਈ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਵਿੱਚ ਨਾ ਕੇਵਲ ਦਖਲ ਦੇਣ ਦੀ ਗੱਲ ਹੈ ਸਗੋਂ ਇਸ ਦੇ ਕਾਨੂੰਨੀ ਰੁਤਬੇ ਨੂੰ ਵੀ ਚੁਣੌਤੀ ਦੇਣ ਵਾਲੀ ਗੱਲ ਹੈ।ਅਤੀਤ ਵਿੱਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ ਤਾਂ ਸਿੱਖ ਪੰਥ ਨੂੰ ਉਸ ਦੀ ਵੱਡੀ ਕੀਮਤ ਚੁਕਾਉਣੀ ਪਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਮੂਹ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਜਥੇਬੰਦੀਆਂ ਵੱਲੋਂ ਸਿੱਖ ਪੰਥ ਵਿੱਚ ਦੁਬਿਧਾ ਅਤੇ ਟਕਰਾਅ ਪੈਦਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਡੱੱਟਵਾਂ ਵਿਰੋਧ ਕਰੇ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮਾਂ ਵਿੱਚ ਦੀਵਾਲੀ ਦੇ ਤਿਉਹਾਰ ਦੇ ਅਵਸਰ ਤੇ ਜਦੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀਆਂ ਹਨ ਮਾਹੌਲ ਨੂੰ ਬੇਹਤਰ ਰੱਖਣ ਲਈ ਪੂਰਾ-ਪੂਰਾ ਸਹਿਯੋਗ ਦੇਵੇ। ਜੇਕਰ ਕੁਝ ਲੋਕਾਂ ਵੱਲੋਂ ਇਸ ਪਾਵਨ ਦਿਹਾੜੇ ਤੇ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰਧਾਮਾਂ ਦੀ ਮਰਿਯਾਦਾ ਵਿੱਚ ਵਿਘਨ ਪਾਇਆ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਉਨ੍ਹਾਂ ਦੀ ਹੀ ਹੋਵੇਗੀ।