26-09-2015-2 26-09-2015-5ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ੨੮ਵਾਂ ਸੈਮੀਨਾਰ
ਖੰਡਵਾ (ਮੱਧ ਪ੍ਰਦੇਸ਼)/ਅੰਮ੍ਰਿਤਸਰ 26 ਸਤੰਬਰ (        ) ਸਮੁੱਚੀ ਕੌਮ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼, ਸੰਦੇਸ਼ ਨੂੰ ਆਪਣਾ ਜੀਵਨ ਮਾਰਗ ਬਨਾਉਣਾ ਪਵੇਗਾ, ਤਦ ਹੀ ਇਕ ਚੰਗੇ ਜੀਵਨ ਦੀ ਕਲਪਨਾ ਕੀਤੀ ਜਾ ਸਕਦੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਮੁੱਚੀ ਮਨੁੱਖਤਾ ਦੀਆਂ ਔਕੜਾਂ, ਦੁਸ਼ਵਾਰੀਆਂ ਦਾ ਸਰਲੀਕਰਨ ਕਰਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਗਏ ੨੮ਵੇਂ ਸੈਮੀਨਾਰ ਦੌਰਾਨ ਕੀਤਾ।
ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਅਸੀੰ ਗੁਰਮਤਿ ਸਿਧਾਂਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੋੜੀ ਖੜੇ ਹਾਂ, ਜਿਸ ਕਾਰਣ ਪੰਥਕ ਸ਼ਕਤੀ ਨੂੰ ਖੋਰਾ ਲੱਗ ਰਿਹਾ ਹੈ ਅਤੇ ਸਮੁੱਚੀ ਕੌਮ ਵਿੱਚ ਖੱਜਲ ਖੁਆਰੀ ਵਾਲੀਆਂ ਅਲਾਮਤਾਂ ਜੋਰ ਫੜ ਰਹੀਆਂ ਹਨ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾ ਸੁਸਾਇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਹੁਕਮ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਨਣਾ ਚਾਹੀਦਾ ਹੈ।ਉਨ੍ਹਾਂ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਕੱਤਰ ਅਤੇ ਸਮਰਪਿਤ ਹੋਣ ਲਈ ਕਿਹਾ।
ਇਸ ਸੈਮੀਨਾਰ ਦਾ ਮੁੱਖ ਵਿਸ਼ਾ ‘ਪੰਥਕ ਬਿਖਰਾਅ, ਸਮੱਸਿਆ ਅਤੇ ਸਮਾਧਾਨ’ ਸੀ।ਇਸ ਵਿਸ਼ੇ ਦਾ ਮੁੱਖ ਪਰਚਾ ਡਾ: ਹਰਭਜਨ ਸਿੰਘ ਖਾਲਸਾ ਨੇ ਪੜ੍ਹਿਆ।ਜਿਸ ਵਿੱਚ ਉਨ੍ਹਾਂ ਵਧ ਰਹੇ ਆਪ ਹੁਦਰੇਪਨ ਤੇ ਗੁਰਦੁਆਰਾ ਸਾਹਿਬਾਨ ਦੀ ਬੇਲੋੜੀ ਵਧਦੀ ਗਿਣਤੀ, ਨਾਮ ਨਿਹਾਦ ਸੰਸਥਾਵਾਂ ਅਤੇ ਗੁਰੂ ਡੰਮ ਬਾਰੇ ਗੰਭੀਰ ਵਿਚਾਰ ਪ੍ਰਗਟਾਏ।ਉਨ੍ਹਾਂ ਕਿਹਾ ਕਿ ਧਾਰਮਿਕ ਸਮੁਦਾਏ ਸੰਸਥਾਪਕਾਂ ਵੱਲੋਂ ਵਿਚਾਰਧਾਰਾ ਦੀ ਐਸੀ ਮਜਬੂਤ ਨੀਂਹ ਸੰਗਠਿਤ ਕੀਤੀ ਗਈ ਸੀ, ਪਰ ਸਾਰੇ ਪੰਥਾਂ ਵਿੱਚ ਵਿਭਾਜਨ ਦੀ ਬੀਮਾਰੀ ਦਾ ਸਿਲਸਲਾ ਜਾਰੀ ਹੈ।ਧਾਰਮਿਕ ਪੰਥ ਭਾਵੇਂ ਇਕੋ ਵਿਚਾਰਧਾਰਾ ਦੇ ਲੋਕ ਸਮੂਹ ਨੂੰ ਇਕੱਠੇ ਕਰਨ ਵਾਸਤੇ ਸਿਰਜੇ ਗਏ ਸਨ, ਪਰ ਵਿਅਕਤੀਵਾਦੀ ਅਹੰਕਾਰ ਨੇ ਵੰਡੀਆਂ ਪਾ ਕੇ ਉਨ੍ਹਾਂ ਨੂੰ ਸ਼ਕਤੀ ਖੀਣ ਕੀਤਾ ਹੈ।
ਇਸ ਸੈਮੀਨਾਰ ਵਿੱਚ ‘ਪੰਥਕ ਬਿਖਰਾਅ ਵਿੱਚ ਜਾਤੀਵਾਦ ਦੀ ਭੂਮਿਕਾ’, ‘ਪ੍ਰੋ: ਕੁਲਵਿੰਦਰ ਸਿੰਘ ਡੇਹਰਾਦੂਨ’, ‘ਸਿੱਖਾਂ ਵਿੱਚ ਏਕਤਾ ਕਿਉਂ ਨਹੀਂ?’, ‘ਸ. ਤਰਲੋਚਨ ਸਿੰਘ ਦਿੱਲੀ’, ‘ਵਰਤਮਾਨ ਪਰੀਪੇਖ ਵਿੱਚ ਸਿੱਖ ਇਸਤਰੀਆਂ ਲਈ ਚੁਣੌਤੀਆਂ’, ‘ਡਾ: ਸ਼ਰਨ ਕੌਰ’, ‘ਸਿੰਘ ਸਭਾ ਲਹਿਰ’, ‘ਭਗਤ ਸਿੰਘ ਹੀਰਾ’, ‘ਗੁਰਮਤਿ ਵਿੱਚ ਸਿੱਖ ਇਸਤਰੀ ਚੇਤਨਾ ਦਰਪੇਸ਼ ਚੁਣੌਤੀਆਂ’, ਬੀਬੀ ਹਰਪ੍ਰੀਤ ਕੌਰ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪਰਚੇ ਪੜ੍ਹੇ ਗਏ।ਇਸ ਮੌਕੇ ਸ.ਸੁਰਿੰਦਰ ਸਿੰਘ ਨੇ ਸਭਾ ਦੀ ਸਲਾਨਾ ਰੀਪੋਰਟ ਪੇਸ਼ ਕੀਤੀ।ਇਸ ਸਮੇਂ ਸਭਾ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਗੁਰਦੀਪ ਸਿੰਘ ਭਾਟੀਆ, ਸ. ਸੁਰਿੰਦਰ ਸਿੰਘ ਖੰਡਵਾ, ਸ. ਕਮਲਜੀਤ ਸਿੰਘ ਸਲੂਜਾ, ਸ. ਦਲਜੀਤ ਸਿੰਘ ਸਵੰਨੀ, ਸ. ਸੁਮਿੱਤ ਸਿੰਘ, ਸ. ਭੂਪਿੰਦਰ ਸਿੰਘ, ਬੀਬੀ ਸੁਰਿੰਦਰ ਕੌਰ, ਪ੍ਰੋ: ਹੁਸ਼ਿਆਰ ਸਿੰਘ ਚੰਡੀਗੜ੍ਹ ਆਦਿ ਵੀ ਹਾਜ਼ਰ ਸਨ।