1 copyਉਜੈਨ ਦੇ ਗੁਰਦੁਆਰਾ ਦਰਬਾਰ ਨਾਨਕ ਘਾਟ ਸਾਹਿਬ ਦੀ ਇਮਾਰਤ ਇਕ ਸਾਲ ਵਿੱਚ ਮੁਕੰਮਲ ਹੋਵੇਗੀ
ਮੱਧ ਪ੍ਰਦੇਸ਼ ਬਡਵਾਹ/ ਅੰਮ੍ਰਿਤਸਰ: 28 ਸਤੰਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮੱਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ, ਜ਼ਿਲ੍ਹਾ ਪਰਗਣਾ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਸ਼ਕਤੀਆਂ ਗੁਰੂ ਪੰਥ, ਗੁਰੂ ਗ੍ਰੰਥ ਦੇ ਸਿਧਾਂਤ ਤੇ ਕਿੰਤੂ-ਪ੍ਰੰਤੂ ਕਰ ਰਹੀਆਂ ਹਨ। ਪੰਥ ਨੂੰ ਸਿੱਖ ਮਾਰੂ ਚੁਣੌਤੀਆਂ ਦਾ ਅੰਦਰੋਂ ਬਾਹਰੋਂ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਦੌਖੀਆਂ ਨੇ ਤਾਂ ਅਜਿਹਾ ਕਰਨਾ ਹੀ ਸੀ, ਪਰ ਆਪਣਿਆਂ ਵੱਲੋਂ ਵੀ ਕੋਝੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮ ਨੂੰ ਸਾਨੂੰ ਬਿਨਾ ਦੇਰੀ ਅਤੇ ਕਿੰਤੂ-ਪ੍ਰੰਤੂ ਕੀਤਿਆਂ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਅਤੇ ਦੁੱਖਦਾਈ ਗੱਲ ਹੈ ਕਿ ਕੌਮੀ ਸੰਸਥਾਵਾਂ ਤੇ ਵੀ ਉਂਗਲਾਂ ਉਠਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਵਾਲੇ ਸਾਧ ਦੀ ਹੋਈ ਮੁਆਫ਼ੀ ਸਬੰਧੀ ਵਾਵੇਲਾ ਤਰਕ ਸੰਗਤ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਮਤੇ, ਹੁਕਮਨਾਮਾ, ਆਦੇਸ਼-ਸੰਦੇਸ਼ ਤੇ ਹੀ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ ਤਾਂ ਕਿਹੜੇ ਸਿੱਖ ਤੇ ਗੁਰੂ ਸੇਵਕ ਦੀ ਸੇਵਾ ਨਿਭਾ ਰਹੇ ਹਾਂ।
ਸ੍ਰ: ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਦੱਸਿਆ  ਕਿ ਸ਼੍ਰੋਮਣੀ ਕਮੇਟੀ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਆਪਣੀ ਸੰਸਥਾ ਹੈ ਅਤੇ ਸਮੂਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਤਰਾ ਤੇ ਸਿਖਿਆਵਾਂ ਦੇ ਕੇਂਦਰਗਤ ਗੁਰਦੁਆਰਾ ਦਰਬਾਰ ਨਾਨਕ ਘਾਟ ਸਾਹਿਬ ਲਈ ਜ਼ਮੀਨ ਖਰੀਦ ਕੇ ਉਜੈਨ ਵਿਖੇ ਸੁੰਦਰ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਜਿੱਥੇ ਰੋਜ਼ਾਨਾ ਇਕ ਲੱਖ ਸੰਗਤ ਦੇ ਲੰਗਰ ਛਕਣ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੀ ਦਿਲੀ ਤਮੰਨਾ ਸੀ ਕਿ ਉਜੈਨ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਸੁੰਦਰ ਤੇ ਬੇਨਜ਼ੀਰ ਬਣੇ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਉੱਪਰਲੀ ਇਮਾਰਤ ਦਾ ਗੁੰਬਦ ਬਣ ਰਿਹਾ ਹੈ। ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਕਰਵਾ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਜੈਨ ਨੂੰ ਜੁੜਨ ਵਾਲੇ ਸਾਰੇ ਮਾਰਗਾਂ ਰਾਹੀਂ ਸੰਗਤ ਇਸ ਤੀਰਥ ਅਸਥਾਨ ਦੇ ਦਰਸ਼ਨ ਕਰਨ ਪੁੱਜੇਗੀ । ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਦੂਰ-ਦੁਰਾਡੇ ਆਉਣ-ਜਾਣ ਵਾਲੇ ਟਰੱਕਾਂ ਤੇ ਹੋਰ ਸੰਗਤਾਂ ਲਈ ਰਸਤੇ ਵਿੱਚ ਕਿਧਰੇ ਵੀ ਠਹਿਰਣ ਦੀ ਵਿਵਸਥਾ ਨਹੀਂ ਸੀ। ਹੁਣ ਸੰਗਤਾਂ ਅਰਾਮ ਨਾਲ ਏਥੇ ਠਹਿਰਾਅ ਕਰ ਸਕਣਗੀਆਂ।
ਸ੍ਰ: ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਕਿਹਾ ਕਿ ਇਕ ਸਾਲ ਦੇ ਅੰਦਰ ਇਹ ਇਮਾਰਤ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਪੁਰਾਤਨ ਇਮਲੀ ਦਾ ਬੂਟਾ ਜਿਸ ਦਾ ਘੇਰਾ ੬ ਫੁੱਟ ਡਾਇਆ ਮੀਟਰ ਹੈ ਦੀ ਪੂਰਨ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਗੁਰਦੁਆਰਾ ਪ੍ਰਤਾਪ ਨਗਰ ਇੰਦੋਰ ਦੇ ਗੁਰੂ ਅਮਰਦਾਸ ਹਾਲ ਲਈ ਢਾਈ ਲੱਖ ਰੁਪਏ ਅਤੇ ਗੁਰਦੁਆਰਾ ਸਿੰਘ ਸਭਾ ਬਡਵਾਹ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ। ਸ੍ਰ: ਬੇਦੀ ਨੇ ਦੱਸਿਆ ਕਿ ਬੀਬੀ ਰਣਦੀਪ ਕੌਰ ਦੀ ਅਗਵਾਈ ਵਿੱਚ ਵਫਦ ਨੇ ਓਂਕਲੇਸ਼ਵਰ ਦੀਆਂ ਸੰਗਤਾਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਗੁਰੂ ਨਾਨਕ ਦਰਬਾਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਲਾਨਾ ਸਮਾਗਮ ਕਰਵਾਉਣ ਦੀ ਮੰਗ ਕੀਤੀ ਜੋ ਪ੍ਰਧਾਨ ਸਾਹਿਬ ਨੇ ਪ੍ਰਵਾਨ ਕਰ ਲਈ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਸਿੱਖ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ ਤੇ ਜਥੇਦਾਰ ਅਵਤਾਰ ਸਿੰਘ ਅਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰ: ਮੰਗਲ ਸਿੰਘ ਪ੍ਰਧਾਨ, ਸ੍ਰ: ਮੋਹਨ ਸਿੰਘ ਸਲੂਜਾ, ਸ੍ਰ: ਅਵਤਾਰ ਸਿੰਘ, ਸ੍ਰ: ਅਮਰੀਕ ਸਿੰਘ ਬੰਮਰਾਹ, ਸ੍ਰ: ਗੁਰਦੀਪ ਸਿੰਘ ਭਾਟੀਆ, ਸ੍ਰ: ਦਲੀਪ ਸਿੰਘ ਹਉਰਾ ਆਦਿ ਮੌਜੂਦ ਸਨ।