ਅੰਮ੍ਰਿਤਸਰ  10 ਨਵੰਬਰ (  ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਤੇ ਅਜਿਹੇ ਕਿਸੇ ਵੀ ਸਿਧਾਂਤ ਵਿਹੂਣੇ ਇਕੱਠ ਅਤੇ ਉਸ ਵਿੱਚ ਕੀਤੀ ਕਾਰਵਾਈ ਨੂੰ ਮਾਨਤਾ ਨਹੀਂ ਦਿੰਦੀ।

ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਚੱਬਾ ਕੋਲ ਕੁਝ ਸਿਆਸੀ ਦਲਾਂ ਵੱਲੋਂ ਕੀਤਾ ਇਕੱਠ ਸਿਧਾਂਤ ਵਿਹੁਣਾ ਤੇ ਸਿੱਖ ਪ੍ਰੰਪਰਾਵਾਂ ਅਨੁਸਾਰ ਨਹੀਂ ਸੀ।ਅਜਿਹੇ ਵਿੱਚ ਇਸ ਇਕੱਠ ਨੂੰ ਸ਼੍ਰੋਮਣੀ ਕਮੇਟੀ ਮਾਨਤਾ ਨਹੀਂ ਦਿੰਦੀ ਤੇ ਨਾ ਹੀ ਇਸ ਇਕੱਠ ਵਿੱਚ ਥਾਪੇ ਨਵੇਂ ਜਥੇਦਾਰਾਂ ਨੂੰ ਮਾਨਤਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਸਵਾਲ ਇਹ ਨਹੀਂ ਕਿ ਇਸ ਇਕੱਠ ਵਿੱਚ ਲੋਕ ਕਿੰਨੇ ਸਨ।ਸਵਾਲ ਤਾਂ ਇਹ ਹੈ ਕਿ ਕੀ ਇਸ ਵਿੱਚ ਕੋਈ ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ ਸੰਸਥਾਵਾਂ ਗਈਆਂ ਹਨ।ਉਨ੍ਹਾਂ ਕਿਹਾ ਕਿ ਕੁਝ ਰਾਜਸੀ ਦਲਾਂ ਵੱਲੋਂ ਬੁਲਾਏ ਗਏ ਇਸ ਇਕੱਠ ਨੂੰ ਸਮੁੱਚੀਆਂ ਪੰਥਕ ਧਿਰਾਂ ਜੋ ਗੁਰੂ ਪੰਥ ਦੇ ਸਿਧਾਂਤ ਨੂੰ ਮੰਨਦੀਆਂ ਹਨ ਨੇ ਗੈਰ ਰਵਾਇਤੀ ਦੱਸਿਆ ਹੈ।ਉਨਾਂ੍ਹ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਲਗਾਉਣ ਦਾ ਇਨ੍ਹਾਂ ਦਲਾਂ ਕੋਲ ਕੋਈ ਅਧਿਕਾਰ ਨਹੀਂ ਹੈ।ਜਥੇਦਾਰਾਂ ਦੀਆਂ ਨਿਯੁਕਤੀਆਂ ਦਾ ਵਿਧੀ ਵਿਧਾਨ ਹੈ।ਪਿੰਡਾਂ ਵਿੱਚ ਇਕੱਠ ਕਰਕੇ ਜਥੇਦਾਰ ਨਹੀਂ ਲਗਾਏ ਜਾ ਸਕਦੇ ਇਸ ਲਈ ਸ਼੍ਰੋਮਣੀ ਕਮੇਟੀ ਇਸ ਇਕੱਠ ਅਤੇ ਇਸ ਵਿੱਚ ਥਾਪੇ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦੀ।

ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ (ਦੀਵਾਲੀ) ਸੰਗਤਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਇਸ ਮੁਕੱਦਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰਦੀਆਂ ਹਨ।ਇਸ ਲਈ ਇਨ੍ਹਾਂ ਸਿਆਸੀ ਲੋਕਾਂ ਨੂੰ ਇਸ ਦਿਨ ਤੇ ਸੰਗਤਾਂ ਵਿੱਚ ਭੈਅ ਪੈਦਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।