ਸਬ-ਟੀ ਵੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰਕਾ ਲਿਖੀ

ਅੰਮ੍ਰਿਤਸਰ : 21 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬ ਟੀ ਵੀ ਤੇ ਚੱਲ ਰਹੇ ਕਮੇਡੀ ਸੀਰੀਅਲ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਗਣੇਸ਼ ਜੀ ਦੀ ਮੂਰਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ੧੪ ਸਤੰਬਰ ਨੂੰ ਦਿਖਾਏ ਗਏ ਉਕਤ ਸੀਰੀਅਲ ਦੇ ਐਪੀਸੋਡ ਵਿੱਚ ਫਿਲਮਾਏ ਗਏ ਸੀਨ ਵਿੱਚ ਇਕ ਕਲੋਨੀ ਵਿੱਚ ਰਹਿੰਦੇ ਪ੍ਰੀਵਾਰਾਂ ਵੱਲੋਂ ਗਣੇਸ਼ ਜੀ ਦਾ ਦਿਹਾੜਾ ਮਨਾਇਆ ਗਿਆ। ਇਨ੍ਹਾਂ ਪ੍ਰੀਵਾਰਾਂ ਵਿਚੋਂ ਸਿੱਖ ਪ੍ਰੀਵਾਰ ਦਾ ਇਕ ਪਾਤਰ ਗਣੇਸ਼ ਜੀ ਦੀ ਮੂਰਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਇੱਛਾ ਜਾਹਿਰ ਕਰਦਾ ਹੈ ਤੇ ਫਿਰ ਇਹ ਮੂਰਤੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ। ਸਬ ਟੀ. ਵੀ. ਵੱਲੋਂ ਇਹ ਸੀਨ ਦਿਖਾਏ ਜਾਣ ਤੇ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਸਬ ਟੀ. ਵੀ. ਮੈਨੇਜਿੰਗ ਡਾਇਰੈਕਟਰ ਨੂੰ ਆਪਣੇ ਵੱਲੋਂ ਲਿਖੇ ਗਏ ਪੱਤਰ ਵਿੱਚ ਇਸ ਸੀਰੀਅਲ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਤੇ ਤੁਰੰਤ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਅਗਰ ਇਸ ਸੀਰੀਅਲ ਨੂੰ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਸਬ ਟੀ. ਵੀ. ਅਤੇ ‘ਤਾਰਿਕ ਮਹਿਤ ਕਾ ਉਲਟਾ ਚਸ਼ਮਾ’ ਦੇ ਸੀਰੀਅਲ ਦੇ ਨਿਰਮਾਤਾ ਅਤੇ ਨਿਰਦੇਸਕ ਤੇ ਕਾਨੂੰਨੀ ਕਾਰਵਾਈ ਕਰੇਗੀ।