ਅੰਮ੍ਰਿਤਸਰ 21 ਸਤੰਬਰ (         )   ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ਨੈਸ਼ਨਲ ਯੂਨਿਟੀ ਗੌਰਮਿੰਟ ਵੱਲੋਂ ਸੰਸਦ ਵਿੱਚ ਸਿੱਖਾਂ ਲਈ ਇਕ ਸੀਟ ਰਾਖਵੀਂ ਰੱਖਣ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਕੈਬਨਿਟ ਵੱਲੋਂ ਇਸ ਬਿੱਲ ਨੂੰ ਮਾਨਤਾ ਮਿਲਣ ਨਾਲ ਹੁਣ ਘੱਟ ਗਿਣਤੀ ਸਿੱਖਾਂ ਨੂੰ ਸੰਸਦ ਵਿੱਚ ਨੁਮਾਇੰਦਗੀ ਹਾਸਲ ਹੋ ਸਕੇਗੀ।ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ ਜਿਸ ਦਾ ਸਬੂਤ ੭੫ ਅਫਗਾਨ ਪਰਿਵਾਰਾਂ ਵੱਲੋਂ ਭਾਰਤ ਹਿਜ਼ਰਤ ਕਰਨ ਤੋਂ ਮਿਲਦਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਅਫ਼ਗਾਨਿਸਤਾਨ ਦੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਅਫਗਾਨੀ ਸਿੱਖਾਂ ਨੂੰ ਆਪਣੇ ਮਸਲਿਆਂ ਸਬੰਧੀ ਸੰਸਦ ਵਿੱਚ ਆਵਾਜ਼ ਉਠਾਉਣ ਦਾ ਮੌਕਾ ਮਿਲੇਗਾ, ਜੋ ਬੇਹੱਦ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਜਨਾਬ ਅਸ਼ਰਫ ਗਨੀ ਦਾ ਵੀ ਇਸ ਬਿੱਲ ਨੂੰ ਮਨਜ਼ੂਰੀ ਦੇਣ ‘ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਜਥੇ.ਅਵਤਾਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਅਫ਼ਗਾਨਿਸਤਾਨ ਸਰਕਾਰ ਦੇ ਇਸ ਪ੍ਰਸੰਸਾਯੋਗ ਫੈਸਲੇ ਨਾਲ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਆਵੇਗਾ।