ਅੰਮ੍ਰਿਤਸਰ 14 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਇਰੈਕਟੋਰੇਟ ਆਫ ਗਤਕਾ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਿਆਣਾ ਵਿਖੇ ‘ਵਿਰਸਾ ਸੰਭਾਲ ਗਤਕਾ ਮੁਕਾਬਲੇ’ ੧ ਅਕਤੂਬਰ ਨੂੰ ਕਰਵਾਏ ਜਾਣਗੇ।ਇਹ ਜਾਣਕਾਰੀ ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਵਿਰਸਾ ਸੰਭਾਲ ਗਤਕਾ ਮੁਕਾਬਲੇ ਵਿੱਚ ੧੦ ਗੱਤਕੇ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਜਿਸ ਵਿੱਚ ਯੁੱਧ ਅਤੇ ਪ੍ਰਦਰਸ਼ਨ ਦੇ ਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪ੍ਰਬੰਧ ਸ. ਵਰਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਧਿਆਣਾ ਅਤੇ ਸਮੁੱਚੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।ਡਾ. ਸਰੋਆ ਨੇ ਕਿਹਾ ਕਿ ਗਤਕਾ ਮੁਕਾਬਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਲਾਕੇ ਵਿੱਚ ਵਿਸ਼ੇਸ਼ ਬੈਠਕਾਂ ਕਰਕੇ ਵੱਧ ਤੋਂ ਵੱਧ ਸੰਗਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਤਹਿਤ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਾਮ ਤਕਸੀਮ ਕਰਨਗੇ।ਇਸ ਸਮੇਂ ਉਨ੍ਹਾਂ ਨਾਲ ਸ. ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਵੀ ਮੌਜੂਦ ਸਨ।