ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ ਸ਼ਨਿਚਰਵਾਰ, ੭ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੧੯ ਅਪ੍ਰੈਲ, ੨੦੨੫ (ਅੰਗ: ੫੯੨)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਭਾਰਤੀ ਚਿੰਤਨ ਅਨੁਸਾਰ ਸੰਤਾਂ ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖਤਮ ਕਰਨ ਲਈ ਹੁੰਦਾ ਹੈ। ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ (੧੪੬੯ ਈ.) ਇਸੇ ਧਾਰਨਾ ਅਨੁਸਾਰ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਵੱਲ ਸੰਕੇਤ ਕਰਦਾ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ ਧਰਮਵੀਰ, ਕਰਮਵੀਰ, ਦਾਨਵੀਰ ਤੇ ਦਯਾਵੀਰ ਹੋਣ ਦੇ ਨਾਲ ਨਾਲ ਜਨ-ਮਾਨਸ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰਕੇ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਮਾਰਗ ਦਰਸ਼ਨ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕਰਕੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦੇ ਹਨ।

ਗੁਰੂ ਜੀ ਦਾ ਆਗਮਨ ਜਿਸ ਸਮੇਂ ਹੋਇਆ ਉਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ, ਅਤੇ ਸੱਭਿਆਚਾਰਕ ਹਾਲਤਾਂ ਵਿਚ ਗਿਰਾਵਟ ਆ ਚੁੱਕੀ ਸੀ। ਸਮੇਂ ਦੇ ਹਾਲਾਤਾਂ ਦਾ ਮਨੁੱਖ ਦੇ ਦ੍ਰਿਸ਼ਟੀਕੋਣ ਦੇ ਨਿਰਮਾਣ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਡੂੰਘੀ ਨੀਝ ਨਾਲ ਦੇਖਿਆ ਅਤੇ ਉਸ ਵਿਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚੰਗੀ ਤਰ੍ਹਾਂ ਚਿਤਰਿਆ ਹੈ ਤੇ ਉਸ ਦੀ ਕਰੜੀ ਪੜਚੋਲ ਕੀਤੀ ਹੈ।

ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ ‘ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਦੁਨੀਆਂ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜੀਆਂ ਕੀਤੀਆਂ ਵਲਗਣਾਂ ਨੂੰ ਖਤਮ ਕਰ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ। ਗੁਰੂ ਸਾਹਿਬ ਜੀ ਬਹੁਮੁੱਖੀ  ਪ੍ਰਤਿਭਾ ਦੇ ਸੁਆਮੀ ਸਨ। ਆਪ ਆਦਰਸ਼ ਸ਼ਖ਼ਸੀਅਤ ਦੇ ਮਾਲਕ, ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਸਨ। ਉਨ੍ਹਾਂ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ। ਗੁਰੂ ਸਾਹਿਬ ਨੇ ਜੋ ਵੀ ਸੰਦੇਸ਼ ਦਿੱਤੇ, ਉਹ ਸਰਵਕਾਲੀਨ ਹਨ। ਉਨ੍ਹਾਂ ਦੇ ਮਹਾਨ ਸੰਦੇਸ਼ ਦਾ ਅਧਿਐਨ ਜੇਕਰ ਅੱਜ ਦੀਆਂ ਸਮਾਜਿਕ, ਰਾਜਨੀਤਿਕ ਤੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖਕੇ ਕੀਤਾ ਜਾਵੇ ਤਾਂ ਵੀ ਉਹ ਪ੍ਰੇਰਣਾਦਾਇਕ ਹੈ। ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਨ, ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਜੀਵਨ-ਜਾਚ ਸਿਖਾਉਣ ਲਈ ਅਰਪਣ ਕਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਲੋਕਾਂ ਨੂੰ ਸੱਚੀ ਸਿੱਖਿਆ ਦੇਣ ਲਈ ਦੇਸ ਦੇਸਾਂਤਰਾਂ ਦੀਆਂ ਯਾਤਰਾਵਾਂ ਵਿਚ ਗੁਜਾਰਿਆ, ਜਿਨ੍ਹਾਂ ਨੂੰ ਗੁਰੂ ਨਾਨਕ ਸਹਿਬ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ। ਆਪ ਦੀਆਂ ਯਾਤਰਾਵਾਂ ਚਲਦੀਆਂ ਫਿਰਦੀਆਂ ਪਾਠਸ਼ਾਲਾਵਾਂ ਸਨ।

ਉਸ ਸਮੇਂ ਦੇ ਸ਼ਾਸਕਾਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ, ਉਨ੍ਹਾਂ ਨੇ ਗੁਰੂ ਜੀ ਦੇ ਸੁਤੰਤਰ ਵਿਚਾਰਾਂ ਕਾਰਨ ਕੈਦ ਕਰ ਲਿਆ ਸੀ। ਉਸ ਸਮੇਂ ਸਜਾ ਦੇ ਨਿਯਮ ਬਹੁਤ ਸਖ਼ਤ ਸਨ। ਦੋਸ਼ੀਆਂ ਨੂੰ ਆਮ ਤੌਰ ਤੇ ਅੰਗ ਭੰਗ ਕਰਨ ਅਤੇ ਮੌਤ ਦੀ ਸਜਾ ਦਿੱਤੀ ਜਾਂਦੀ ਸੀ। ਦੋਸ਼ੀਆਂ ਕੋਲੋਂ ਦੋਸ਼ ਦਾ ਇਕਬਾਲ ਕਰਵਾਉਣ ਲਈ ਸਖ਼ਤੀ ਤੇ ਜ਼ੁਲਮ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਮੇਂ ਦੇ ਅਫਸਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸੀ। ਇਤਿਹਾਸ ਦੇ ਅਨੁਸਾਰ ਇਹ ਸਮਾਂ ਰਾਜਨੀਤਿਕ ਹਲਚਲ ਤੇ ਅਰਾਜਕਤਾ ਦਾ ਜ਼ਮਾਨਾ ਸੀ। ਆਪਣੇ ਸਮੇਂ ਦਾ ਹਾਲ ਗੁਰੂ ਜੀ ਨੇ ਬਾਣੀ ਵਿਚ ਬਿਆਨ ਕੀਤਾ ਹੈ:-

-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਪੰਨਾ ੧੪੫)

ਬਾਬਰ ਨੇ ਤਾਂ ਖੂਨ ਦੀਆਂ ਨਦੀਆਂ ਹੀ ਵਗਾ ਦਿੱਤੀਆਂ। ਉਨ੍ਹਾਂ ਹਲਾਤਾਂ ਨੂੰ ਗੁਰੂ ਸਾਹਿਬ ਜੀ ਨੇ ਬਿਆਨ ਕਰਦਿਆਂ ਫੁਰਮਾਇਆ:-

ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥
(ਪੰਨਾ ੭੨੨)

ਉਸ ਵਕਤ ਦੀ ਮੁਸਲਿਮ ਹਕੂਮਤ ਆਪਣਾ ਧਰਮ ਫੈਲਾਉਣ ਦਾ ਯਤਨ ਕਰ ਰਹੀ ਸੀ। ਹਿੰਦੂਆਂ ਨੂੰ ਹਰ ਪਾਸੇ ਤੋਂ ਮਾਰਾਂ ਪੈ ਰਹੀਆਂ ਸਨ। ਉਹ ਆਪਣੇ ਆਪ ਨੂੰ ਨਿਹੱਥੇ ਤੇ ਨਿਤਾਣੇ ਸਮਝ ਕੇ ਹੀਣ ਭਾਵਨਾ ਵਿਚ ਗ੍ਰਸਤ ਹੋ ਚੁੱਕੇ ਸਨ। ਉਨ੍ਹਾਂ ਵਿਚੋਂ ਸਵੈਮਾਨ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਖਤਮ ਹੋ ਚੁੱਕੀ ਸੀ। ਸਤਾਏ ਤੇ ਗ਼ੁਲਾਮ ਮਾਨਸਿਕਤਾ ਵਾਲਿਆਂ ਨੂੰ ਉੱਚਾ ਉਠਾਉਣ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਇਕ ਨਵਾਂ ਰਾਹ ਦਿਖਾਇਆ।

ਦੂਜੇ ਪਾਸੇ ਹਰ ਧਰਮ ਕੇਵਲ ਦਿਖਾਵਾ ਮਾਤਰ ਹੀ ਰਹਿ ਗਏ ਸਨ। ਉਨ੍ਹਾਂ ਦੀ ਆਤਮਾ ਮਰ ਚੁੱਕੀ ਸੀ। ਸਰਮ ਧਰਮ ਦੋਏ ਛਪ ਖਲੋਏ ਸਨ। ਚੌਹੀਂ ਪਾਸੀਂ ਝੂਠ ਫਰੇਬ ਦਾ ਪਸਾਰਾ ਪਸਰਿਆ ਤੇ ਧਰਮ ਖੰਭ ਲਾਕੇ ਉੱਡ ਗਿਆ ਸੀ। ਧਾਰਮਿਕ ਆਗੂ ਆਪਣੇ ਸਵਾਰਥ ਲਈ ਲੋਕਾਂ ਨੂੰ ਠੱਗ ਰਹੇ ਸਨ। ਧਾਰਮਿਕ ਪਰਪੰਚਾਂ ਅਤੇ ਫੋਕੇ ਰੀਤੀ ਰਿਵਾਜਾਂ ਨੇ ਲੋਕਾਂ ਨੂੰ ਜਕੜ ਰੱਖਿਆ ਸੀ। ਬ੍ਰਾਹਮਣ ਜਿਹੜਾ ਆਪਣੇ ਗੁਆਂਢੀ ਮੁਸਲਮਾਨ ਅੱਗੇ ਤਾਂ ਝੁਕਦਾ ਸੀ ਪਰ ਆਪਣੇ ਸ਼ੂਦਰ ਭਰਾ ਤੇ ਅਤਿਆਚਾਰ ਕਰਦਾ ਸੀ ਤੇ ਉਸ ਨੂੰ ਨੀਵਾਂ ਅਤੇ ਅਛੂਤ ਸਮਝ ਕੇ ਸਮਾਜ ਵਿਚੋਂ ਬਾਹਰ ਕੱਢ ਦਿੰਦਾ ਸੀ।

ਗਰੀਬਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੋਵਾਂ ਦੇ ਅਤਿਆਚਾਰਾਂ ਦੀ ਚੋਟ ਸਹਿਣੀ ਪੈ ਰਹੀ ਸੀ। ਮੁਸਲਮਾਨ ਹਾਕਮ ਗੈਰ-ਮੁਸਲਿਮਾਂ ਉੱਪਰ ਜ਼ੁਲਮ ਕਰਨਾ ਇਕ ਸਵਾਬ ਸਮਝਦੇ ਸਨ। ਉਸ ਵਕਤ ਭਾਰਤ ਵਿਚ ਸਾਰੇ ਪਾਸੇ ਪਸਰੀ ਧਾਰਮਿਕ ਖਿਚੋਤਾਣ ਦਾ ਵਰਣਨ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ਕੀਤਾ ਹੈ:

ਚਾਰਿ ਵਰਨ ਚਾਰਿ ਮਜਹਬਾਂ ਜਗ ਵਿਚਿ ਹਿੰਦੂ ਮੁਸਲਮਾਣੇ॥
ਖੁਦੀ ਬਖੀਲਿ ਤਕਬਰੀ ਖਿੰਚੋਤਾਣ ਕਰੇਨਿ ਧਿਙਾਣੇ॥
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ॥
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ॥
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ॥
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮਉਲਾਣੇ॥
ਸਿਰੋ ਨ ਮਿਟੇ ਆਵਨ ਜਾਣੇ॥
(ਵਾਰ ੧, ਪਉੜੀ ੨੧)

ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਮਨੁੱਖ ਦਾ ਅਸਲੀ ਧਰਮ ਕੀ ਹੈ? ਉਨ੍ਹਾਂ ਨੇ ਸੱਚੇ ਧਰਮ ਦਾ ਸਰੂਪ ਉਨ੍ਹਾਂ ਦੇ ਸਾਹਮਣੇ ਸਰਲ ਭਾਸ਼ਾ ਵਿਚ ਰੱਖਿਆ। ਜਿਹੜੇ ਜਨ-ਸਾਧਾਰਨ ਲੋਕ ਸਦੀਆਂ ਤੋਂ ਧਾਰਮਿਕ ਕਰਮਕਾਡਾਂ ਵਿਚ ਜਕੜੇ ਆ ਰਹੇ ਸਨ, ਖਾਸ ਕਰਕੇ ਇਸਤਰੀ ਅਤੇ ਪੱਛੜਿਆ ਵਰਗ ਉਨ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਸੀ। ਗੁਰੂ ਜੀ ਦੀ ਬਾਣੀ ਨੇ ਜਨ-ਸਾਧਾਰਨ ਵਿਚ ਇਕ ਨਵੀਂ ਰੁਹਾਨੀ ਸ਼ਕਤੀ ਅਤੇ ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ।

 ਉਸ ਸਮੇਂ ਦੀ ਆਰਥਿਕ ਦਸ਼ਾ ਬਹੁਤ ਮਾੜੀ ਸੀ। ਸਮਾਜ ਅਮੀਰ ਤੇ ਗਰੀਬ ਦੋ ਧਿਰਾਂ ਵਿਚ ਵੰਡਿਆ ਹੋਇਆ ਸੀ। ਰਾਜੇ ਰੰਗ ਤਮਾਸ਼ਿਆਂ ਵਿਚ ਮਸਤ ਰਹਿੰਦੇ ਸਨ:

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥    (ਪੰਨਾ ੪੧੭)

ਗਰੀਬ ਲੋਕਾਂ ‘ਤੇ ਭਾਰੀ ਕਰ ਲਗਾਏ ਜਾਂਦੇ ਸਨ। ਜਦੋਂ ਕਾਲ ਪੈਂਦਾ ਸੀ ਤਾਂ ਲੋਕਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਸੀ। ਇਸਨੂੰ ਰਾਜਸ਼ਾਹੀ ਰੱਬ ਦੀ ਕਰੋਪੀ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਸੀ। ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕੁ ਗਵਾਈ॥   (ਵਾਰ ੧, ਪਉੜੀ ੩੦)

ਗੁਰੂ ਜੀ ਨੇ ਅਜਿਹੇ ਅਮੀਰਾਂ ਦੀ ਨਿੰਦਾ ਕੀਤੀ ਜਿਹੜੇ ਆਪ ਖੁਸ਼ਹਾਲ ਜੀਵਨ ਜਿਉਣ ਲਈ ਗਰੀਬਾਂ ਦਾ ਸ਼ੋਸ਼ਣ ਕਰਦੇ ਸਨ ਇਹ ਤੱਥ ਮਲਕ ਭਾਗੋ ਅਤੇ ਦੁਨੀ ਚੰਦ ਦੇ ਉਦਾਹਰਨ ਤੋਂ ਸਪਸ਼ਟ ਹੈ। ਆਪ ਨੇ ਅਜਿਹੇ ਅਮੀਰਾਂ ਨੂੰ ਆਪਣਾ ਧਨ ਗਰੀਬਾਂ ਦੀ ਸੇਵਾ ਹਿਤ ਲਾਉਣ ਲਈ ਪ੍ਰੇਰਤ ਕੀਤਾ:

ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥    (ਪੰਨਾ ੧੨੪੫)

ਰਾਜੇ, ਧਨਵਾਨ ਅਤੇ ਸ਼ਾਸ਼ਕ ਵਿਲਾਸੀ ਸਨ। ਉਹ ਨੀਵੀਆਂ ਅਤੇ ਸੰਸਾਰਿਕ ਖ਼ੁਸ਼ੀਆਂ ਵਿਚ ਗਲਤਾਨ ਸਨ ਤੇ ਉਨ੍ਹਾਂ ਦੀਆਂ ਰਾਜ ਸਭਾਵਾਂ ਨ੍ਰਿਤਕਾਵਾਂ (ਨਚਣ ਵਾਲੀਆਂ) ਤੇ ਜਾਦੂਗਰਾਂ ਦੇ ਕੇਂਦਰ ਬਣ ਚੁੱਕੇ ਸਨ। ਰਾਜਿਆਂ ਤੇ ਉਨ੍ਹਾਂ ਦੇ ਮਹਿਲਾਂ ਦੇ ਹਰਮ ਉਨ੍ਹਾਂ ਦੀਆਂ ਇਸਤਰੀਆਂ ਅਤੇ ਰਖੇਲਾਂ ਨਾਲ ਭਰੇ ਪਏ ਸਨ। ਇਸਤਰੀ ਦਾ ਸਮਾਜ ਵਿਚ ਬਹੁਤ ਨੀਵਾਂ ਦਰਜਾ ਸੀ ਅਤੇ ਉਸ ਨੂੰ ਕਾਮਵਾਸ਼ਨਾ ਦੀ ਪੂਰਤੀ ਦਾ ਸਾਧਨ ਸਮਝਿਆ ਜਾਂਦਾ ਸੀ। ਸਤੀ ਹੋਣ ਦਾ ਆਮ ਰਿਵਾਜ਼ ਸੀ। ਗੁਰੂ ਜੀ ਨੇ ਇਸ ਕੁਰੀਤੀ ਵਿਰੁੱਧ ਬੁਲੰਦ ਆਵਾਜ਼ ਕਰਦਿਆਂ ਫੁਰਮਾਇਆ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥    (ਪੰਨਾ ੪੭੩)

ਇਸੇ ਤਰ੍ਹਾਂ ਉਨ੍ਹਾਂ ਧਾਰਮਿਕ ਮੰਡਲ ਵਿਚ ਵਿਚਰ ਰਹੇ ਯੋਗੀਆਂ ਨੂੰ ਕਿਹਾ ਕਿ ਉਹ ਆਪਣਾ ਆਤਮ-ਵਿਕਾਸ ਇਕਾਂਤ ਸਮਾਧੀਆਂ ਦੀ ਬਜਾਏ ਲੋਕਾਂ ਦੀ ਸੇਵਾ ਵਿਚ ਕਰਨ।

ਗੁਰੂ ਸਾਹਿਬ ਜੀ ਨੇ ਚੰਗੇ ਸਮਾਜ ਦੇ ਨਿਰਮਾਣ ਲਈ ਦੁਨੀਆਂ ਸਾਹਮਣੇ ਤਿੰਨ ਸਿਧਾਂਤ ਰੱਖੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀਵਾਲਤਾ, ਭਾਈਚਾਰੇ, ਅਤੇ ਰਾਸ਼ਟਰੀ ਏਕਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ, ਉਨ੍ਹਾਂ ਦਾ ਮਾਰਗ ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ ਜੋ ਸਚ ਦਾ ਪਾਂਧੀ ਹੋਵੇ, ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੋਵੇ। ਗੁਰੂ ਸਾਹਿਬ ਜੀ ਦੇ ਮਨ ਵਿਚ ਕੇਵਲ ਆਪਣੇ ਦੇਸ਼ ਲਈ ਹੀ ਪਿਆਰ ਨਹੀਂ ਸੀ ਉਹ ਤਾਂ ਸਾਰੀ ਸ੍ਰਿਸ਼ਟੀ ਦੇ ਕਲਿਆਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥         (ਪੰਨਾ ੮੫੩)

ਅੱਜ ਜਦੋਂ ਅਸੀਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਾਂ ਸਮੂਹ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਹੋਵੇਗਾ ਕਿ ਕੀ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰ ਰਹੇ ਹਾਂ। ਇਸ ਮੁਬਾਰਕ ਮੌਕੇ ‘ਤੇ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਡੰਮ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਹੁੰਦੇ ਹੋਏ ਕੁਦਰਤੀ ਖਜ਼ਾਨਿਆਂ ਨੂੰ ਸਾਂਭਣ ਲਈ ਕਾਰਜਸ਼ੀਲ ਹੋਈਏ, ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਵਸਾਈਏ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਮਾਰਗ ‘ਤੇ ਪ੍ਰਪੱਕ ਰੂਪ ਵਿਚ ਤੋਰਨ ਲਈ ਹੰਭਲਾ ਮਾਰੀਏ। ਸੋ, ਅੱਜ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਲੋੜ ਹੈ।