ਅੰਮ੍ਰਿਤਸਰ, 26 ਸਤੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ 1 ਅਕਤੂਬਰ 2018 ਤੋਂ ਨਗਰ ਕੀਰਤਨਾਂ ਦੀ ਆਰੰਭਤਾ ਕੀਤੀ ਜਾ ਰਹੀ ਹੈ। ਇਸ ਤਹਿਤ ਪਹਿਲਾ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਕੋੜੀ ਵਾਲਾ ਘਾਟ ਜ਼ਿਲ੍ਹਾ ਲਖੀਮਪੁਰ ਖੀਰੀ ਯੂ.ਪੀ. (ਉੱਤਰ ਪ੍ਰਦੇਸ਼) ਤੋਂ 1 ਅਕਤੂਬਰ ਨੂੰ ਆਰੰਭ ਹੋ ਕੇ 8 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਦੇ 2019 ਵਿਚ ਆ ਰਹੇ ਇਤਿਹਾਸਕ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਥੇ ਵਿਸ਼ਾਲ ਸਮਾਗਮ ਕਰਵਾਏ ਜਾਣੇ ਹਨ, ਉਥੇ ਹੀ ਵੱਖ-ਵੱਖ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਨਗਰ ਕੀਰਤਨ 1 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ’ਚ ਪੈਂਦੇ ਗੁਰਦੁਆਰਾ ਕੋੜੀ ਵਾਲਾ ਘਾਟ ਤੋਂ ਆਰੰਭ ਹੋਵੇਗਾ। ਉਨ੍ਹਾਂ ਨਗਰ ਕੀਰਤਨ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਯੂ.ਪੀ., ਉਤਰਾਖੰਡ, ਹਰਿਆਣਾ ਤੋਂ ਹੁੰਦਾ ਹੋਇਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਰਾਹੀਂ 8 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਰੂਟ ਸਬੰਧੀ ਮੁਕੰਮਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ 1 ਅਕਤੂਬਰ ਤੋਂ ਗੁਰਦੁਆਰਾ ਸਾਹਿਬ ਕੋੜੀ ਵਾਲਾ ਘਾਟ ਤ੍ਰਿਕੁਨੀਆ, ਉੱਤਰ ਪ੍ਰਦੇਸ਼ ਤੋਂ ਨਿਘਾਸਣ, ਬਹਮਣਪੁਰ, ਗੁਰਦੁਆਰਾ ਗਹਿਰਾ ਫਾਰਮ, ਤਿਕੋਨਾ ਫਾਰਮ, ਮਝਗਈ, ਨੋਗਾਵਾਂ, ਪਲੀਆ, ਮਹਿੰਗਾਪੁਰ, ਪਲੀਆ, ਭੀਰਾ, ਮੈਲਾਨੀ ਹੀਰਪੁਰ, ਖੁਟਾਰ, ਅਕਾਲ ਅਕੈਡਮੀ ਕਜਰਾ ਕਜਰੀ, ਗੜਵਾ ਖੇੜਾ, ਗੁਰਦੁਆਰਾ ਹਰਿਗੋਬਿੰਦਸਰ ਮੋਹਨਪੁਰ ਤੋਂ ਹੁੰਦਾ ਹੋਇਆ ਅਕਾਲ ਅਕੈਡਮੀ ਗੋਮਤੀ ਪੁਲ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 2 ਅਕਤੂਬਰ ਨੂੰ ਅਕਾਲ ਅਕੈਡਮੀ ਗੋਮਤੀ ਪੁੱਲ ਤੋਂ ਗਜਰੋਲਾ, ਪੀਲੀਭੀਤ, ਮਝੋਲਾ, ਖਟੀਮਾ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 3 ਅਕਤੂਬਰ ਨੂੰ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਭਰੋਘਾਂ, ਸਿਤਾਰਗੰਜ, ਉੱਤਮ ਨਗਰ, ਕਿੱਛਾ, ਸ੍ਰੀ ਗੁਰੂ ਨਾਨਕ ਦਰਬਾਰ ਰੁਦਰਪੁਰ, ਲਾਲਪੁਰਾ ਮਤੋਸਮੋੜ੍ਹ, ਗੁਰਦੁਆਰਾ ਸਿੰਘ ਸਭਾ ਗਦਰਪੁਰ, ਕੇਲਾਖੇੜਾ, ਦੋਰਾਹਾ, ਬਾਜਪੁਰ, ਮੁਕੰਦਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਸ਼ੀਪੁਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 4 ਅਕਤੂਬਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਸ਼ੀਪੁਰ ਤੋਂ ਜੱਸਪੁਰ, ਰੇਹੜ, ਅਫਜਲਗੜ੍ਹ, ਧਾਰਮਪੁਰ, ਨੂਰਪੁਰ, ਅਹੀਰਪੁਰ, ਖਾਸਪੁਰਾ, ਪੈਜਨਿਆ, ਹਲਦੋਰ, ਬਿਜਨੌਰ, ਕੋਤਵਾਲੀ, ਨਜੀਬਾਬਾਦ, ਗੈਂਡੀਖੇੜਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਆਸ਼ਰਮ ਹਰਿਦੁਆਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 5 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਆਸ਼ਰਮ ਹਰਿਦੁਆਰ ਤੋਂ ਕੁਹਾਣਾ, ਭਗਵਾਨਪੁਰ, ਸੁਟਬੁਲ ਰੋਡ, ਜਨਕਪੁਰੀ, ਰੁੜਕੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 6. ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਤੋਂ ਸਰਸਾਵਾ, ਕਲਾਨੌਰ ਚੌਂਕੀ, ਸ਼ੁਗਰ ਮਿੱਲ ਚੌਂਕ, ਕਨਹੈਯਾ ਚੌਂਕ, ਬੱਸ ਸਟੈਂਡ ਜਗਾਧਰੀ, ਰਕਸਕ ਵਿਹਾਰ ਜਗਾਧਰੀ, ਗੁਲਾਬ ਨਗਰ, ਜੜੋਦਾ, ਭੇੜਥਲ ਅੱਡਾ, ਮਹਮੂਦਪੁਰ ਅੱਡਾ, ਜਟੇਹੜੀ ਅੱਡਾ, ਰਾਮਖੇੜੀ ਅੱਡਾ ਬਿਲਾਸਪੁਰ ਸ਼ਿਵ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਦਸਵੀਂ ਕਪਾਲ ਮੋਚਨ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 7 ਅਕਤੂਬਰ ਨੂੰ ਗੁਰਦੁਆਰਾ ਕਪਾਲ ਮੋਚਨ ਤੋਂ ਮਛਰੋਲੀ, ਸਢੋਰਾ, ਡੈਹਰ ਅੰਬਲੀ, ਨਰਾਇਣਗੜ੍ਹ, ਸ਼ਹਿਜਾਦਪੁਰ ਹੰਡੇਸਰਾ, ਗੁਰਦੁਆਰ ਪੰਜੋਖਰਾ ਸਾਹਿਬ, ਬਲਦੇਵ ਨਗਰ, ਕਾਲਕਾ ਮੋੜ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਹੁੰਦਾ ਹੋਇਆ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 8 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਹਿੰਦ, ਮੰਡੀ ਗੋਬਿੰਦਗੜ੍ਹ, ਖੰਨਾ, ਮੰਜੀ ਸਾਹਿਬ ਕੋਟਾਂ, ਦੋਰਾਹਾ, ਸਾਹਨੇਵਾਲ, ਲੁਧਿਆਣਾ, ਫਿਲੌਰ, ਨੂਰਮਹਿਲ, ਨਕੋਦਰ, ਮਲਸੀਆਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਨਗਰ ਕੀਰਤਨ ਦੀ ਸਮਾਪਤੀ ਦੇ ਸਮਾਗਮ ਹੋਣਗੇ।
 ਸ. ਬੇਦੀ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੇ ਰੂਟ ਅਤੇ ਹੋਰ ਪ੍ਰਬੰਧਾਂ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਦੀ ਅਗਵਾਈ ਵਿਚ ਟੀਮ ਵੱਲੋਂ ਸਾਰੇ ਰੂਟ ਦਾ ਦੌਰਾ ਕਰਕੇ ਰਾਤ ਦੇ ਵਿਸ਼ਰਾਮ ਸਬੰਧੀ ਸਬੰਧਤ ਸਥਾਨਾਂ ’ਤੇ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਲੋੜੀਂਦੇ ਸਟਾਫ਼ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਨਗਰ ਕੀਰਤਨ ਹੁੰਮ-ਗੁਮਾ ਕੇ ਸ਼ਾਮਲ ਹੋਣ ਅਤੇ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਵੀ ਕਰਨ।