ਵਿੱਦਿਅਕ ਅਦਾਰੇ, ਸਭਾ-ਸੁਸਾਇਟੀਆਂ ਤੇ ਹੋਟਲ ਮਾਲਕਾਂ ਨਾਲ ਬਣਾਇਆ ਜਾਵੇਗਾ ਰਾਬਤਾ -ਡਾ. ਰੂਪ ਸਿੰਘ
ਗੁਰਪੁਰਬ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਭਲਕੇ ੨੮ ਸਤੰਬਰ ਤੋਂ ਹੋਣਗੇ ਆਰੰਭ

ਅੰਮ੍ਰਿਤਸਰ, ੨੭ ਸਤੰਬਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ੨੬ ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅੱਜ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ ਅਤੇ ਗੁਰਪੁਰਬ ਸਮੇਂ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਨੂੰ ਗੁਰਪੁਰਬ ਮੌਕੇ ੨੪ ਅਕਤੂਬਰ ਰਾਤ ਨੂੰ ਕਰਵਾਏ ਜਾਣ ਵਾਲੇ ਪੜਤਾਲ ਗਾਇਨ ਕੀਰਤਨ ਸਮਾਗਮ, ੨੫ ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਰਾਤ ਸਮੇਂ ਹੋਣ ਵਾਲੇ ਰਾਗ ਦਰਬਾਰ ਲਈ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ। ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਠਹਿਰਣ ਲਈ ਜਿਥੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ ਪ੍ਰਬੰਧ ਮੌਜੂਦ ਹਨ, ਉਥੇ ਹੀ ਸ਼ਹਿਰ ਦੇ ਹੋਟਲਾਂ ਵਿਚ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਟਲ ਮਾਲਕਾਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਨਗਰ ਕੀਰਤਨ ਦੇ ਰੂਟ ਦਾ ਘੇਰਾ ਵੀ ਵਧਾਇਆ ਗਿਆ ਹੈ, ਜਿਸ ਤਹਿਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਸ਼ੁਰੂ ਹੋ ਕੇ ਘਿਓ ਮੰਡੀ ਰਾਹੀਂ ਸ਼ਹਿਰ ਦੇ ਸਾਰੇ ਗੇਟਾਂ ਤੋਂ ਹੁੰਦਾ ਹੋਇਆ ਸੁਲਤਾਨਵਿੰਡ ਗੇਟ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਪੰਨ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਪੁਰਬ ਸਮੇਂ ਸੰਗਤਾਂ ਦੀ ਭਰਪੂਰ ਸ਼ਮੂਲੀਅਤ ਲਈ ਸ਼ਹਿਰ ਦੀਆਂ ਸਭਾ-ਸੁਸਾਇਟੀਆਂ, ਹੋਟਲ ਮਾਲਕਾਂ, ਵਿਦਿਅਕ ਅਦਾਰਿਆਂ, ਬੀਬੀਆਂ ਦੇ ਜਥਿਆਂ ਆਦਿ ਨਾਲ ਇਕੱਤਰਤਾਵਾਂ ਕੀਤੀਆਂ ਜਾਣਗੀਆਂ। ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਨਾਲ ੩ ਅਕਤੂਬਰ ਨੂੰ ਅਤੇ ਸ਼ਹਿਰ ਦੀਆਂ ਸਭਾ-ਸੁਸਾਇਟੀਆਂ ਦੇ ਅਹੁਦੇਦਾਰਾਂ ਨਾਲ ੮ ਅਕਤੂਬਰ ਨੂੰ ਇਕੱਤਰਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਜਾਵਟੀ ਗੇਟਾਂ, ਹੋਰਡਿੰਗ ਬੋਰਡਾਂ ਤੇ ਦੀਪਮਾਲਾ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।
ਇਸੇ ਦੌਰਾਨ ਡਾ. ਰੂਪ ਸਿੰਘ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਭਲਕੇ ੨੮ ਸਤੰਬਰ ਤੋਂ ਸਕੂਲੀ ਬੱਚਿਆਂ ਦੇ ਮੁਕਾਬਲੇ ਆਰੰਭ ਹੋਣਗੇ। ਉਨ੍ਹਾਂ ਵਿਸਥਾਰ ਦਿੰਦਿਆਂ ਦੱਸਿਆ ਕਿ ੨੮ ਸਤੰਬਰ ਨੂੰ ਪੇਂਟਿੰਗ ਮੁਕਾਬਲੇ, ੧ ਅਕਤੂਬਰ ਨੂੰ ਲਿਖਤੀ ਮੁਕਾਬਲੇ, ੩ ਅਕਤੂਬਰ ਨੂੰ ਭਾਸ਼ਣ ਮੁਕਾਬਲੇ, ੫ ਅਕਤੂਬਰ ਨੂੰ ਸਾਖੀ ਸੁਨਾਉਣ ਦੇ ਮੁਕਾਬਲੇ, ੬ ਅਕਤੂਬਰ ਨੂੰ ਕਵਿਤਾ ਮੁਕਾਬਲੇ, ੮ ਅਕਤੂਬਰ ਨੂੰ ਕਵੀਸ਼ਰੀ ਮੁਕਾਬਲੇ, ੯ ਅਕਤੂਬਰ ਨੂੰ ਸ਼ਬਦ ਮੁਕਾਬਲੇ, ੧੦ ਅਕਤੂਬਰ ਨੂੰ ਕੁਇੱਜ਼ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਦਿਵਿਆਂਗ ਬੱਚਿਆਂ ਦੀ ਮੁਕਾਬਲੇ ਵੀ ਵਿਸ਼ੇਸ਼ ਤੌਰ ‘ਤੇ ਕਰਵਾਏ ਜਾਣਗੇ, ਜਿਸ ਤਹਿਤ ੧੧ ਅਕਤੂਬਰ ਨੂੰ ਸ਼ਬਦ ਕੀਰਤਨ ਮੁਕਾਬਲਾ ਅਤੇ ੧੨ ਅਕਤੂਬਰ ਨੂੰ ਕੋਰੀਓਗ੍ਰਾਫੀ ਮੁਕਾਬਲੇ ਹੋਣਗੇ।
ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਐਡੀਸ਼ਨਲ ਸਕੱਤਰ ਸ. ਕੇਵਲ ਸਿੰਘ ਗਿੱਲ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਸਤਿੰਦਰ ਸਿੰਘ, ਮੈਨੇਜਰ ਸ. ਮੁਖਤਾਰ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਸਤਨਾਮ ਸਿੰਘ, ਸ. ਲਖਬੀਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਬਘੇਲ ਸਿੰਘ, ਸ. ਲਖਵਿੰਦਰ ਸਿੰਘ ਬੱਦੋਵਾਲ, ਸ. ਸੁਖਬੀਰ ਸਿੰਘ, ਸ. ਹਰਪ੍ਰੀਤ ਸਿੰਘ, ਸ. ਗੁਰਾ ਸਿੰਘ, ਸ. ਨਿਸ਼ਾਨ ਸਿੰਘ, ਸ. ਸ਼ਾਹਬਾਜ਼ ਸਿੰਘ ਇੰਚਾਰਜ, ਸ. ਜਸਪਾਲ ਸਿੰਘ ਤੇ ਸ. ਗੁਰਪ੍ਰੀਤ ਸਿੰਘ ਮੀਤ ਮੈਨੇਜਰ ਮੌਜੂਦ ਸਨ।