6-10-2016
ਅੰਮ੍ਰਿਤਸਰ ੬ ਅਕਤੂਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਿੱਚ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਗੱਲਬਾਤ ਦੌਰਾਨ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਵੱਖ-ਵੱਖ ਤਕਰੀਬਨ ੪੫ ਸਕੂਲਾਂ ਤੇ ਕਾਲਜਾਂ ਦੇ ੨੨੦ ਵਿਦਿਆਰਥੀਆਂ ਵਿੱਚ ਇਹ ਮੁਕਾਬਲਾ ਹੋਇਆ।ਜਿਸ ਵਿੱਚ ਪਹਿਲੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਤੀਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਗੁਰੂ ਘਰ ਵਿੱਚ ਸੇਵਾ ਦਾ ਦ੍ਰਿਸ਼, ਕਿਰਤ ਕਰ ਰਹੇ ਸਿੱਖ ਦੀ ਤਸਵੀਰ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਤਸਵੀਰ, ਦੂਸਰੇ ਗਰੁੱਪ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਗਤਕਾ ਖੇਡਣ ਦਾ ਦ੍ਰਿਸ਼, ਕਿਸੇ ਬਾਲ ਸ਼ਹੀਦ ਦੀ ਤਸਵੀਰ ਤੇ ਭਰੂਣ ਹੱਤਿਆ ਰੱਖਿਆ ਗਿਆ।
    ਉਨ੍ਹਾਂ ਅੱਗੇ ਕਿਹਾ ਕਿ ਤੀਜੇ ਗਰੁੱਪ ਵਿੱਚ ਬੀ.ਏ. ਭਾਗ ਪਹਿਲਾ ਤੋਂ ਐਮ.ਏ. ਤੀਕ ਦੇ ਵਿਦਿਆਰਥੀਆਂ ਦਾ ਵਿਸ਼ਾ ਇਲੈਕਟ੍ਰਾਨਿਕ ਮੀਡੀਆ ਦੀ ਦੁਰਵਰਤੋਂ ਨੂੰ ਦਰਸਾਉਂਦੀ ਤਸਵੀਰ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਪੇਂਟਿੰਗਜ਼ ਨੂੰ ਬਣਾਉਣ ਲਈ ਬੱਚਿਆਂ ਨੂੰ ਢਾਈ ਘੰਟੇ ਦਾ ਸਮਾਂ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪੇਂਟਿੰਗਜ਼ ਮੁਕਾਬਲਿਆਂ ਸਮੇਂ ਸ. ਗੁਰਵਿੰਦਰਪਾਲ ਸਿੰਘ ਆਰਟਿਸਟ, ਬੀਬੀ ਕਮਲਦੀਪ ਕੌਰ ਤੇ ਬੀਬੀ ਰਮਨਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ੧੭ ਅਕਤੂਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ੍ਹ, ਸਿਰੋਪਾਓ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ੭ ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ।
ਪੇਂਟਿੰਗਜ਼ ਮੁਕਾਬਲਿਆਂ ਸਮੇਂ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਬਘੇਲ ਸਿੰਘ ਵਧੀਕ ਮੈਨੇਜਰ, ਸ. ਕਾਰਜ ਸਿੰਘ ਸੁਪਰਵਾਈਜ਼ਰ, ਡਾ. ਰਣਜੀਤ ਕੌਰ, ਡਾ. ਅਮਰਜੀਤ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਰਜਵੰਤ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਗੁਰਮੇਲ ਕੌਰ, ਬੀਬੀ ਤਕਦੀਰ ਕੌਰ ਤੇ ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ।