unnamed

ਅੰਮ੍ਰਿਤਸਰ 7 ਅਕਤੂਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁੱਚਜੀ ਅਗਵਾਈ ‘ਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ।

ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲੀ ਬੱਚਿਆਂ ਦਰਮਿਆਨ ਕਰਵਾਏ ਗਏ ਭਾਸ਼ਣ ਮੁਕਾਬਲੇ ਦਾ ਵਿਸ਼ਾ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਮਹੱਤਵ, ਅਰਦਾਸ ਦਾ ਮਹੱਤਵ, ਸਿੱਖ ਮਾਂ ਦਾ ਕਿਰਦਾਰ ਅਤੇ ਗੁਰਸਿੱਖ ਕੈਸਾ ਹੋਵੇ? ਰੱਖਿਆ ਗਿਆ ਜਿਸ ਵਿਚੋਂ ਕਿਸੇ ਇਕ ਵਿਸ਼ੇ ‘ਤੇ ਬੱਚਿਆਂ ਨੂੰ ਭਾਸ਼ਣ ਦੇਣ ਲਈ ਕਿਹਾ ਗਿਆ।ਭਾਸ਼ਣ ਮੁਕਾਬਲੇ ਦੌਰਾਨ ਹਰੇਕ ਬੱਚੇ ਨੂੰ 4 ਤੋਂ 5 ਮਿੰਟ ਦਾ ਸਮਾਂ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਯੋਗਤਾ ਨੂੰ ਪਰਖਣ ਲਈ ਸ. ਇੰਦਰਜੀਤ ਸਿੰਘ ਗੋਗੋਆਣੀ, ਬੀਬੀ ਰਾਜਵਿੰਦਰ ਕੌਰ ਤੇ ਬੀਬੀ ਰਵਿੰਦਰ ਕੌਰ ਨੇ ਮੁੱਖ ਜੱਜ ਵਜੋਂ ਭੂਮਿਕਾ ਨਿਭਾਈ।ਇਨ੍ਹਾਂ ਮੁਕਾਬਲਿਆਂ ‘ਚ ਪੰਜਾਬ ਭਰ ‘ਚੋਂ 36 ਸਕੂਲਾਂ ਦੇ ਤਕਰੀਬਨ 72 ਬੱਚਿਆਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਰੇਕ ਲੋਕਲ ਬੱਚੇ ਨੂੰ 200 ਰੁਪਏ ਤੇ ਅੰਮ੍ਰਿਤਸਰ ਤੋਂ ਬਾਹਰੋਂ ਆਏ ਬੱਚਿਆਂ ਨੂੰ 250 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਭਾਸ਼ਣ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 17 ਅਕਤੂਬਰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ 8 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਕੂਲੀ ਬੱਚਿਆਂ ਦੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ।ਇਸ ਸਮੇਂ ਸਟੇਜ ਦੀ ਸੇਵਾ ਭਾਈ ਸੁਰਜੀਤ ਸਿੰਘ ਤੇ ਭਾਈ ਜਸਪਾਲ ਸਿੰਘ ਪ੍ਰਚਾਰਕ ਨੇ ਨਿਭਾਈ।

ਇਸ ਮੌਕੇ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਬਘੇਲ ਸਿੰਘ ਵਧੀਕ ਮੈਨੇਜਰ, ਸ. ਕਾਰਜ ਸਿੰਘ ਸੁਪਰਵਾਈਜ਼ਰ, ਸ. ਗੁਰਪੇਜ ਸਿੰਘ ਮੀਤ ਖਜ਼ਾਨਚੀ, ਬੀਬੀ ਰਣਜੀਤ ਕੌਰ, ਬੀਬੀ ਕਿਰਨਦੀਪ ਕੌਰ ਤੇ ਬੀਬੀ ਗੁਰਮੀਤ ਕੌਰ ਰਿਸਰਚ ਸਕਾਲਰ ਤੇ ਬੀਬੀ ਪਰਮੀਤ ਕੌਰ ਆਦਿ ਹਾਜ਼ਰ ਸਨ।