ਸਕੱਤਰ ਸ. ਮਨਜੀਤ ਸਿੰਘ ਤੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਬੈਂਕ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ ੦੨ ਅਕਤੂਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ‘ਚ ਅੱਜ ਭਾਰਤੀ ਸਟੇਟ ਬੈਂਕ ਵੱਲੋਂ ਇੱਕ ਸਫਾਈ ਵਾਲੀ ਮਸ਼ੀਨ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਬੈਂਕ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੇ ਦਫਤਰ ਵਿਖੇ ਇਹ ਮਸ਼ੀਨ ਭੇਟ ਕਰਨ ਸਮੇਂ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਰਾਜੀਵ ਅਰੋੜਾ ਤੇ ਹੋਰ ਅਧਿਕਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸ. ਮਨਜੀਤ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਰਾਜੀਵ ਅਰੋੜਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਉਹ ਪਾਵਨ ਅਧਿਆਤਮਿਕ ਅਸਥਾਨ ਹੈ ਜਿਥੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਰੋਜ਼ਾਨਾਂ ਲੰਗਰ ਛਕਦੀਆਂ ਹਨ। ਉਨ੍ਹਾਂ ਕਿਹਾ ਕਿ ਇਥੇ ਦੀ ਮਹਾਨਤਾ ਵੱਡੀ ਹੈ ਅਤੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਮੈਨੇਜਰ ਸ. ਮੁਖਤਾਰ ਸਿੰਘ, ਵਧੀਕ ਮੈਨੇਜਰ ਸ. ਹਰਪ੍ਰੀਤ ਸਿੰਘ, ਬੈਂਕ ਅਧਿਕਾਰੀ ਸਿੰਥੀਆ ਨੈਰੋਹਾ, ਸ੍ਰੀ ਤ੍ਰਿਵੇਦੀ, ਸ੍ਰੀ ਸੰਜੇ ਮਲਹੋਤਰਾ ਤੋਂ ਇਲਾਵਾ ਸ੍ਰੀ ਭੀਮ ਸੇਨ ਅਰੋੜਾ, ਸ੍ਰੀਮਤੀ ਇੰਦਰਾ ਅਰੋੜਾ ਤੇ ਹੋਰ ਮੌਜੂਦ ਸਨ।