-ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਭਾਈ ਲੌਂਗੋਵਾਲ ਨੇ ਕੀਤਾ ਸਨਮਾਨਿਤ

-ਭਾਈ ਲੌਗੋਵਾਲ ਨੇ ਐਂਟੋਨੀਓ ਗੁਟਰੇਸ ਨੂੰ ਸਿੱਖ ਮਸਲਿਆਂ ਸਬੰਧੀ ਮੈਮੋਰੰਡਮ ਸੌਂਪਿਆ

ਅੰਮ੍ਰਿਤਸਰ 03 ਅਕਤੂਬਰ-
ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਉਨ੍ਹਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪੰਗਤ ‘ਚ ਬੈਠ ਕੇ ਪ੍ਰਸ਼ਾਦਾ ਵੀ ਛਕਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਐਂਟੋਨੀਓ ਗੁਟਰੇਸ ਨੂੰ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ। ਇਸੇ ਦੌਰਾਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਾਹਰ ਪਲਾਜ਼ਾ ਵਿਖੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਫਿਰ ਪਰਕਰਮਾਂ ਦੌਰਾਨ ਵੀ ਭਾਈ ਲੌਂਗੋਵਾਲ ਉਨ੍ਹਾਂ ਦੇ ਨਾਲ ਰਹੇ। ਪਰਕਰਮਾਂ ਕਰਦਿਆਂ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਇਥੇ ਸਥਿਤ ਪਾਵਨ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸੇ ਦੌਰਾਨ ਉਨ੍ਹਾਂ ਨੇ ਐਂਟੋਨੀਓ ਗੁਟਰੇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ੧੯੮੪ ‘ਚ ਉਸ ਸਮੇਂ ਦੀ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਬਾਰੇ ਵੀ ਜਾਣਕਾਰੀ ਦਿੱਤੀ। ਵਿਸ਼ੇਸ਼ ਗੱਲ ਇਹ ਰਹੀ ਕਿ ਐਂਟੋਨੀਓ ਗੁਟਰੇਸ ਪਰਕਰਮਾਂ ਦੌਰਾਨ ਕਈ ਵਾਰ ਰੁਕ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਧਿਆਤਮਕ ਵਾਤਾਵਰਣ ਨੂੰ ਮਹਿਸੂਸ ਕਰਦੇ ਰਹੇ। ਇਸ ਉਪਰੰਤ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਾਂ ਨੇ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੂੰ ਇਕ ਮੈਮੋਰੰਡਮ ਸੌਂਪ ਕੇ ਸਿੱਖ ਮਸਲੇ ਉਠਾਏ। ਭਾਈ ਲੌਂਗੋਵਾਲ ਨੇ ਮੈਮੋਰੰਡਮ ਰਾਹੀਂ ਐਂਟੋਨੀਓ ਗੁਟਰੇਸ ਪਾਸ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦਾ ਮਸਲਾ ਵਿਸ਼ੇਸ਼ ਤੌਰ ‘ਤੇ ਉਠਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਪਾਵਨ ਅਸਥਾਨ ਭਾਰਤੀ ਸਰਹੱਦ ਤੋਂ ਕੇਵਲ ੪ ਕੁ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਦੀ ਇਸ ਲਾਂਘੇ ਸਬੰਧੀ ਮੰਗ ਨੂੰ ਲੰਮੇ ਸਮੇਂ ਤੋਂ ਸਰਕਾਰਾਂ ਪਾਸ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਲਾਂਘਾ ਖੁੱਲ੍ਹਦਾ ਹੈ ਕਿ ਭਾਰਤ-ਪਾਕਿਸਤਾਨ ਦੋਹਾਂ ਦੇਸ਼ਾਂ ਵਿਚ ਹੀ ਸ਼ਾਂਤੀ ਅਤੇ ਖ਼ੁਸ਼ਹਾਲੀ ਆਵੇਗੀ। ਇਸ ਲਈ ਇਹ ਮਸਲਾ ਯੂਨਾਈਟਿਡ ਨੇਸ਼ਨਜ਼ ਦੀ ਜਨਰਲ ਐਂਸੰਬਲੀ ਵਿਚ ਵਿਚਾਰਿਆ ਜਾਵੇ ਅਤੇ ਦੋਹਾਂ ਦੇਸ਼ਾਂ ਨੂੰ ਇਸ ਦਾ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ ਜਾਵੇ। ਭਾਈ ਲੌਂਗੋਵਾਲ ਨੇ ੧੯੮੪ ਦੀ ਸਿੱਖ ਨਸਲਕੁਸ਼ੀ ਦਾ ਮਾਮਲਾ ਵੀ ਉਨ੍ਹਾਂ ਪਾਸ ਉਠਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੂਨ ੧੯੮੪ ‘ਚ ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਤੋਂ ਇਲਾਵਾ ਨਵੰਬਰ ੧੯੮੪ ਵਿਚ ਦਿੱਲੀ, ਕਾਨ੍ਹਪੁਰ ਸਮੇਤ ਅਨੇਕਾਂ ਥਾਵਾਂ ‘ਤੇ ਸਿੱਖ ਨਸਲਕੁਸ਼ੀ ਕੀਤੀ ਗਈ। ਉਨ੍ਹਾਂ ਸਿੱਖ ਨਸਲਕੁਸ਼ੀ ਦੇ ਜ਼ੁੰਮੇਵਾਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸੰਯੁਕਤ ਰਾਸ਼ਟਰ ਨੂੰ ਦਖ਼ਲ ਦੇਣ ਲਈ ਕਿਹਾ। ਇਸ ਤੋਂ ਇਲਾਵਾ ਭਾਈ ਲੌਂਗੋਵਾਲ ਨੇ ਸਿੱਖ ਪਛਾਣ ਦੀ ਸਮੱਸਿਆ ਕਾਰਨ ਵਿਦੇਸ਼ਾਂ ਵਿਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਭਾਈ ਲੌਂਗੋਵਾਲ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ (ਕਿਰਪਾਨ, ਕੜਾ ਤੇ ਦਸਤਾਰ) ਬਾਰੇ ਐਂਟੋਨੀਓ ਗੁਟਰੇਸ ਨੂੰ ਕਿਹਾ ਕਿ ਅੱਜ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਨੂੰ ਕਈ ਵਾਰ ਸਿੱਖ ਕਕਾਰਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ‘ਤੇ ਹੋ ਰਹੇ ਹਮਲੇ ਵੀ ਚਿੰਤਾਜਨਕ ਹਨ, ਜਿਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਬੇਹੱਦ ਅਹਿਮ ਹੋਣ ਕਰਕੇ ਧਿਆਨ ਮੰਗਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਹ ਸਾਰੇ ਮਸਲੇ ਸੰਯੁਕਤ ਰਾਸ਼ਟਰ ਜਨਰਲ ਐਂਸੰਬਲੀ ਅਤੇ ਹੋਣ ਵਾਲੀਆਂ ਕਨਵੈਂਸ਼ਨਾਂ ਵਿਚ ਉਠਾਏ ਜਾਣ, ਤਾਂ ਜੋ ਇਨ੍ਹਾਂ ਦਾ ਸਰਲੀਕਰਨ ਹੋ ਸਕੇ। ਇਨ੍ਹਾਂ ਸਾਰੇ ਮਾਮਲਿਆਂ ਦੇ ਵਿਚਾਰ ਸਬੰਧੀ ਐਂਟੋਨੀਓ ਗੁਟਰੇਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭਰੋਸਾ ਦਿੱਤਾ।
ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਹੋਏ ਅਨੁਭਵ ਵੀ ਦਰਜ਼ ਕੀਤੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਕ ਅਤੇ ਸ਼ਾਂਤੀ ਦਾ ਮੁੱਖ ਕੇਂਦਰ ਹੈ, ਜਿਥੇ ਹਰ ਧਰਮ ਦੇ ਲੋਕ ਸ਼ਰਧਾ ਅਤੇ ਸਤਿਕਾਰ ਨਾਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਬਸਾਂਝੀਵਾਲਤਾ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਹੈ, ਜਿਥੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਇਸ ਸਨਮਾਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਬੀਬੀ ਕਿਰਨਜੋਤ ਕੌਰ, ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ, ਨਿੱਜੀ ਸਹਾਇਕ ਸ. ਸੁਖਮਿੰਦਰ ਸਿੰਘ ਐਕਸੀਅਨ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਮੁਖਤਾਰ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਸ. ਹਰਭਜਨ ਸਿੰਘ ਵਕਤਾ, ਸ. ਬਘੇਲ ਸਿੰਘ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਸਮੇਤ ਹੋਰ ਮੌਜੂਦ ਸਨ।