ਅੰਮ੍ਰਿਤਸਰ, 21 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਭਾਰਤ ਦੀ ਮੋਹਰੀ ਸੰਸਥਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਵਿਖੇ ਐਸੋਸੀਏਸ਼ਨ ਆਫ ਰੇਡੀਏਸ਼ਨ ਆਨਕੋਲੋਜਿਸਟ ਦੀ ੨੫ਵੀਂ ਸਲਾਨਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਨੈਸ਼ਨਲ ਕੈਂਸਰ ਇੰਸਟੀਚਿਊਟ ਚੱਜਰ ਹਰਿਆਣਾ ਦੇ ਡਾਇਰੈਕਟਰ ਡਾ. ਜੀ. ਕੇ. ਰਾਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਮਹਿਮਾਨ ਡਾ. ਜੀ. ਕੇ. ਰਾਥ ਨੇ ਕਿਹਾ ਕਿ ਨਾਮੁਰਾਦ ਬਿਮਾਰੀ ਕੈਂਸਰ ਦੀ ਮਾਰ ਝੱਲ ਰਹੇ ਮਰੀਜ਼ਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਬੇਹਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਆਧੁਨਿਕ ਵਿਧੀਆਂ ਜਿਨ੍ਹਾਂ ਵਿਚ ਅਰਿਪਲ ਐਨਰਜੀ ਲੀਨੀਅਰ ਐਕਸਿਲੇਟਰ, ਸੀ. ਟੀ. ਸਿਮੂਲੇਟਰ, ਆਈ. ਐਮ. ਆਰ. ਟੀ., ਬਰੇਕੀਥਰੇਪੀ ਤੇ ਆਈ. ਜੀ. ਆਰ. ਟੀ. ਆਦਿ ਸ਼ਾਮਲ ਹਨ, ਦੀ ਵਿਵਸਥਾ ਕਰਨੀ ਖਿੱਤੇ ਲਈ ਆਸ ਦੀ ਕਿਰਨ ਹੈ। ਇਨ੍ਹਾਂ ਅਤਿ ਅਧੁਨਿਕ ਵਿਧੀਆਂ ਨਾਲ ਪੰਜਾਬ ਅੰਦਰ ਕੈਂਸਰ ਨਾਲ ਦਰਦ ਝੱਲ ਰਹੇ ਮਰੀਜ਼ਾਂ ਦਾ ਇਲਾਜ਼ ਬਿਨਾ ਤਕਲੀਫ਼ ਸੰਭਵ ਹੋਇਆ ਹੈ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜੋ ਇਸ ਮੈਡੀਕਲ ਸੰਸਥਾ ਦੇ ਵੀ ਸਕੱਤਰ ਹਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਦਾ ਮਨੋਰਥ ਸਿਹਤ ਸਿੱਖਿਆ ਅਤੇ ਇਲਾਜ਼ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਕੈਂਸਰ ਹਸਪਤਾਲ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਅਤਿ-ਅਧੁਨਿਕ ਸਹੂਲਤਾਂ ਸਦਕਾ ਅੱਜ ਇਥੇ ਵੱਡੀ ਗਿਣਤੀ ਵਿਚ ਮਰੀਜ਼ ਆ ਰਹੇ ਹਨ, ਜਿਨ੍ਹਾਂ ਨੂੰ ਢੁੱਕਵੀਆਂ ਸੇਵਾਵਾਂ ਦੇਣ ਦਾ ਸੰਸਥਾ ਵੱਲੋਂ ਫ਼ਰਜ਼ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਇਥੇ ਪੁੱਜਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਲੋੜ ਪੈਣ ‘ਤੇ ਰਿਹਾਇਸ਼ ਦੀ ਆ ਰਹੀ ਸਮੱਸਿਆ ਸਬੰਧੀ ਕਿਹਾ ਕਿ ਭਵਿੱਖ ਵਿਚ ਹਸਪਤਾਲ ਨੇੜੇ ਸਰਾਂ ਬਣਾਉਣ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਮੈਕਸ ਹਸਪਤਾਲ ਬਠਿੰਡਾ ਤੋਂ ਡਾ. ਰਾਜੇਸ਼ ਵਸ਼ਿਸ਼ਟ, ਪੀ. ਜੀ. ਆਈ ਰੋਹਤਕ ਤੋਂ ਡਾ. ਵਿਵੇਕ ਕੋਸ਼ਲ, ਪੰਡਤ ਬੀ. ਡੀ. ਸ਼ਰਮਾ, ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਸੁਸ਼ਮਿਤਾ ਗੋਸ਼ਲ ਤੇ ਡਾ. ਰਜੇਸ਼ ਕਪੂਰ, ਏ. ਆਈ. ਆਈ. ਐਮ. ਐਸ. ਰਿਸ਼ੀਕੇਸ਼ ਤੋਂ ਡਾ. ਮਨੋਜ਼ ਗੁਪਤਾ, ਡਾ. ਦੀਪਕ ਅਬਰੋਲ, ਡਾ. ਜੀ. ਵੀ. ਗਿਰੀ, ਡਾ. ਪੂਜਾ ਨੰਦਵਾਲੀ ਪਟੇਲ, ਡਾ. ਸੰਤਨੁਪਾਲ ਆਦਿ ਨੇ ਕੈਂਸਰ ਦੇ ਵੱਖ-ਵੱਖ ਪੱਖਾਂ ਅਤੇ ਬਚਾਅ ਇਲਾਜ਼ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਉੱਤਰ ਭਾਰਤ ਤੋਂ ੨੦੦ ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਏ.ਪੀ. ਸਿੰਘ, ਸ. ਹਰਦਾਸ ਸਿੰਘ ਸੰਧੂ, ਡਾ. ਮਨਜੀਤ ਸਿੰਘ ਉੱਪਲ, ਡਾ. ਮੀਨਾ ਸੂਦਨ, ਡਾ. ਨੀਰਜ ਜੈਨ ਸਮੇਤ ਹੋਰ ਮੌਜੂਦ ਸਨ।