ਅੰਮ੍ਰਿਤਸਰ ੨੦ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ. ਅਮਰੀਕ ਸਿੰਘ ਯੂ.ਕੇ. ਦੀਆਂ ਸਿੱਖ ਅਸਥਾਨਾਂ ਨਾਲ ਸਬੰਧਤ ਪੁਸਤਕਾਂ ਜਾਰੀ ਕੀਤੀਆਂ। ਯੂ.ਕੇ. ਨਿਵਾਸੀ ਸ. ਅਮਰੀਕ ਸਿੰਘ ਬੈਂਸ ਨੇ ਇਹ ਪੁਸਤਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਸਥਿਤ ਅਸਥਾਨਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਨਾਂਦੇੜ ਦੇ ਗੁਰਦੁਆਰਾ ਸਾਹਿਬਾਨ, ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਸੰਖੇਪ ਵਿਚ ਲਿਖੀਆਂ ਹਨ। ਇਹ ਅੰਗਰੇਜ਼ੀ ਭਾਸ਼ਾ ਵਿਚ ਹਨ। ਸ. ਬੈਂਸ ਨੇ ਦੱਸਿਆ ਕਿ ਉਹ ਯੂ.ਕੇ. ਵਿਖੇ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਸਤਿਕਾਰ ਵਿਚ ਇਨ੍ਹਾਂ ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਅੰਦਰ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਇਤਿਹਾਸ ਅਤੇ ਰਵਾਇਤਾਂ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਦਾ ਇਕ ਛੋਟਾ ਜਿਹਾ ਯਤਨ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪੁਸਤਕਾਂ ਜਾਰੀ ਕਰਨ ਲਈ ਧੰਨਵਾਦੀ ਹਨ। ਪੁਸਤਕਾਂ ਜਾਰੀ ਕਰਨ ਮੌਕੇ ਭਾਈ ਲੌਂਗੋਵਾਲ ਤੋਂ ਇਲਾਵਾ ਵਧੀਕ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸ. ਅਮਰਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।