logoਅੰਮ੍ਰਿਤਸਰ 16 ਨਵੰਬਰ – ਸਿੱਖ ਕੌਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ 20 ਨਵੰਬਰ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਸ. ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ‘ਚ ਜਾਵੇਗਾ।ਇਸ ਜਥੇ ਦੇ ਡਿਪਟੀ ਪਾਰਟੀ ਲੀਡਰ ਵਜੋਂ ਸ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਅਤੇ ਪ੍ਰਬੰਧਕ ਵਜੋਂ ਸ. ਜੱਸਾ ਸਿੰਘ  ਚੀਫ ਗੁਰਦੁਆਰਾ ਇੰਸਪੈਕਟਰ ਹੋਣਗੇ।

ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ 20 ਨਵੰਬਰ ਨੂੰ ਜਥਾ ਜਾਵੇਗਾ।ਇਹ ਜਥਾ ਅੰਮ੍ਰਿਤਸਰ ਤੋਂ ਇਸੇ ਦਿਨ ਸਿੱਧਾ ਪਹਿਲਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਾਵੇਗਾ ਤੇ ਉਥੋਂ ਇਹ 23 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ, ਉਥੋਂ 24 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ) ਦੇ ਦਰਸ਼ਨ ਕਰਕੇ ਆਵੇਗਾ। 25 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਮਨਾਉਣ ਉਪਰੰਤ 26 ਨਵੰਬਰ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ ਜੋ ਦੇਰ ਸ਼ਾਮ ਇਥੇ ਪਹੁੰਚੇਗਾ ਫਿਰ 28 ਨਵੰਬਰ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਏਮਨਾਬਾਦ ਜ਼ਿਲ੍ਹਾ ਗੁਜਰਾਂਵਾਲਾ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਦੇ ਦਰਸ਼ਨ ਕਰਨ ਜਾਵੇਗਾ ਤੇ ਫਿਰ 29 ਨਵੰਬਰ ਨੂੰ ਇਹ ਜਥਾ ਵਾਪਸ ਦੇਸ਼ ਪਰਤੇਗਾ। ਉਨ੍ਹਾਂ ਦੱਸਿਆ ਕਿ ਇਸ ਜਥੇ ‘ਚ ਜਾਣ ਲਈ 1076 ਸ਼ਰਧਾਲੂਆਂ ਨੇ ਪਾਸਪੋਰਟ ਜਮ੍ਹਾਂ ਕਰਵਾਏ ਹਨ ਜਿਨ੍ਹਾਂ ਵਿਚੋਂ ਜਾਂਚ ਉਪਰੰਤ 975 ਪਾਸਪੋਰਟ ਵੀਜ਼ਾ ਲੱਗਣ ਲਈ ਅੱਗੇ ਭੇਜੇ ਗਏ ਹਨ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਯਾਤਰੂਆਂ ਨੇ ਪ੍ਰਕਾਸ਼ ਪੁਰਬ ਮਨਾਉਣ ਜਾਣ ਲਈ ਸ਼੍ਰੋਮਣੀ ਕਮੇਟੀ ਕੋਲ ਪਾਸਪੋਰਟ ਜਮਾਂ ਕਰਵਾਏ ਹਨ ਉਹ ਜਥੇ ਵਿੱਚ ਜਾਣ ਲਈ ਆਪਣੇ-ਆਪਣੇ ਪਾਸਪੋਰਟ 19 ਨਵੰਬਰ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਲੈ ਲੈਣ।ਉਨ੍ਹਾਂ ਕਿਹਾ ਕਿ ਜੇਕਰ ਸ਼ਰਧਾਲੂਆਂ ਨੇ ਵੀਜ਼ੇ ਸਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਟੈਲੀਫੋਨ ਨੰ: 0183-2553956, 57 ਅਤੇ ਐਕਸਟੈਂਸ਼ਨ 249 ‘ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸ. ਜਸਪਾਲ ਸਿੰਘ ਵਧੀਕ ਸਕੱਤਰ ਯਾਤਰਾ ਵਿਭਾਗ ਵੀ ਮੌਜੂਦ ਸਨ।