12-1-2017-2(1)

 ਅੰਮ੍ਰਿਤਸਰ 12 ਜਨਵਰੀ (          ) – ਉੱਘੇ ਲੇਖਕ ਸ. ਭੁਪਿੰਦਰ ਸਿੰਘ ਹਾਲੈਂਡ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਆਪਣੀ ਨਵੀਂ ਲਿਖੀ ਪੁਸਤਕ ‘ਸਿੱਖਸ ਇਨ ਵਰਲਡ ਵਾਰ ਸੈਕਿੰਡ’ ਭੇਟ ਕੀਤੀ। ਗੱਲਬਾਤ ਦੌਰਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ. ਭੁਪਿੰਦਰ ਸਿੰਘ ਸਿੱਖਸ ਇਨ ਵਰਲਡ ਵਾਰ ਫਸਟ ਨਾਮ ਦੀ ਪੁਸਤਕ ਲਿਖ ਚੁੱਕੇ ਹਨ ਜਿਸ ਵਿੱਚ ਉਨ੍ਹਾਂ ਨੇ ਜਿਨ੍ਹਾਂ ੧੯ ਮੁਲਕਾਂ ਵਿੱਚ ਸਿੱਖ ਆਜ਼ਾਦੀ ਦੀ ਲੜਾਈ ਲਈ ਲੜੇ ਸਨ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਉਨ੍ਹਾਂ ਨੇ ਦੂਸਰੀ ਪੁਸਤਕ ‘ਸਿੱਖਸ ਇਨ ਵਰਲਡ ਵਾਰ ਸੈਕਿੰਡ’ ਪਾਠਕਾਂ ਦੀ ਝੋਲੀ ਪਾਈ ਹੈ ਜਿਸ ਵਿੱਚ ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਵਿੱਚ ਜਿਨ੍ਹਾਂ ੨੫ ਮੁਲਕਾਂ ਵਿੱਚ ਸਿੱਖਾਂ ਨੇ ਸ਼ਹਾਦਤਾਂ ਪਾ ਕੇ ਗੌਰਵਮਈ ਇਤਿਹਾਸ ਰਚਿਆ ਉਹ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੇਖਕ ਵੱਲੋਂ ਲਿਖੀਆ ਇਹ ਦੋਵੇਂ ਵੱਡਮੁੱਲੀਆਂ ਪੁਸਤਕਾਂ ਜਿਥੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਨਗੀਆਂ, ਉਥੇ ਦੂਰ-ਦੂਰ ਤੱਕ ਸਿੱਖਾਂ ਵੱਲੋਂ ਦੋਵੇ ਵਿਸ਼ਵ ਜੰਗਾਂ ਵਿੱਚ ਨਿਭਾਈ ਭੂਮਿਕਾ ਬਾਰੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਜਾਣੂ ਕਰਵਾਉਣਗੀਆਂ।ਉਨ੍ਹਾਂ ਕਿਹਾ ਕਿ ਲੇਖਕ ਦਾ ਉਦੇਸ਼ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸ ਰਹੇ ਸਿੱਖ ਨੌਜਵਾਨਾਂ ਦੇ ਦਿਲਾਂ ਵਿੱਚ ਸਿੱਖ ਫੌਜ਼ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਇਤਿਹਾਸ ਨੂੰ ਸਦੀਵੀ ਤੌਰ ਤੇ ਜ਼ਿੰਦਾ ਰੱਖਣਾ ਹੈ।ਉਨ੍ਹਾਂ ਕਿਹਾ ਕਿ ਆਪਣੀ ਵੱਡਮੁੱਲੀ ਲੇਖਣੀ ਰਾਹੀਂ ਸ. ਭੁਪਿੰਦਰ ਸਿੰਘ ਹਾਲੈਂਡ ਨੂੰ ਵੱਖ-ਵੱਖ ਅਦਾਰਿਆਂ ਵੱਲੋਂ ਸਨਮਾਨਿਆ ਜਾ ਚੁੱਕਿਆ ਹੈ ਜੋ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਮੇਰੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਤੇ ਅਰਦਾਸ ਹੈ ਕਿ ਸਤਿਗੁਰ ਪਾਤਸ਼ਾਹ ਉਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਉਹ ਆਪਣੀਆਂ ਲੇਖਣੀਆਂ ਰਾਹੀਂ ਪਾਠਕਾਂ ਦੀ ਝੋਲੀ ਵੱਡਮੁੱਲੀ ਜਾਣਕਾਰੀ ਪਾਉਂਦੇ ਰਹਿਣ।