ਅੰਮ੍ਰਿਤਸਰ, 18 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਅਹਿਮ ਪ੍ਰਬੰਧਕੀ ਫੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਕਾਰਜਸ਼ੀਲ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਮੈਨੇਜਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸ. ਗੁਰਿੰਦਰ ਸਿੰਘ ਦੀ ਥਾਂ ਲਗਾਇਆ ਗਿਆ ਹੈ, ਜਦਕਿ ਸ. ਗੁਰਿੰਦਰ ਸਿੰਘ ਦੀ ਤਬਦੀਲੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਪ੍ਰਬੰਧਕੀ ਤਬਦੀਲੀਆਂ ਸਬੰਧੀ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੀਤੀਆਂ ਗਈਆਂ ਹੋਰ ਤਬਦੀਲੀਆਂ ਵਿਚ ਫਲਾਇੰਗ ਵਿਭਾਗ ਦੇ ਇੰਚਾਰਜ ਸ. ਸਤਨਾਮ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਸ. ਸੁਖਬੀਰ ਸਿੰਘ ਇੰਚਾਰਜ ਅਮਲਾ ਧਰਮ ਪ੍ਰਚਾਰ ਕਮੇਟੀ ਨੂੰ ਇੰਚਾਰਜ ਫਲਾਇੰਗ ਵਿਭਾਗ ਅਤੇ ਸ. ਬਲਵਿੰਦਰ ਸਿੰਘ ਇੰਚਾਰਜ ਆਰ.ਟੀ.ਆਈ. ਨੂੰ ਧਰਮ ਪ੍ਰਚਾਰ ਕਮੇਟੀ ਦੇ ਅਮਲਾ ਵਿਭਾਗ ਦਾ ਕੰਮ ਦਿੱਤਾ ਗਿਆ ਹੈ।
ਇਸ ਦੌਰਾਨ ਸ. ਸੁਲੱਖਣ ਸਿੰਘ ਭੰਗਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਸੇਵਾ ਸੰਭਾਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਗਤ ਅਤੇ ਪ੍ਰਬੰਧਕੀ ਅਮਲੇ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਭੈਅ ਭਾਵਨੀ ਵਿਚ ਰਹਿੰਦਿਆਂ ਸੇਵਾ ਨਿਭਾਉਣ ਦਾ ਯਤਨ ਕਰਨਗੇ।
ਸ. ਭੰਗਾਲੀ ਦੇ ਸੰਭਾਲਣ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸਕੱਤਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸ. ਨਿਰਮਲ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਂਏ ਆਦਿ ਹਾਜ਼ਰ ਸਨ।
ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਇਕ ਔਰਤ ਵੱਲੋਂ ਸਿਗਰਟ ਪੀਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਵੱਡੀ ਕਾਰਵਾਈ
ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿਚ ਇਕ ਔਰਤ ਵੱਲੋਂ ਸਿਗਰਟ (ਬੀੜੀ) ਪੀਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਣਗਹਿਲੀ ਵਰਤਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਰਮਾਂ ਵਿਚ ਇਕ ਔਰਤ ਵੱਲੋਂ ਬੀੜੀ ਪੀਣ ਦੇ ਮਾਮਲੇ ਵਿਚ ਫਲਾਇੰਗ ਵਿਭਾਗ ਦੀ ਪੜਤਾਲੀਆਂ ਰਿਪੋਰਟ ਦੇ ਅਧਾਰ ’ਤੇ 7 ਮੁਲਾਜ਼ਮਾਂ ਨੂੰ ਮੁਅਤਲ ਅਤੇ 3 ਦੀ ਤਬਦੀਲੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਅਤਲ ਕੀਤੇ ਮੁਲਾਜ਼ਮਾਂ ਵਿਚ ਸ. ਨਰਿੰਦਰ ਸਿੰਘ ਮੈਨੇਜਰ, ਸ. ਪਰਮਜੀਤ ਸਿੰਘ ਵਧੀਕ ਮੈਨੇਜਰ, ਸ. ਗੁਰਸ਼ਿੰਦਰ ਸਿੰਘ ਨਿਗਰਾਨ, ਸ. ਰਾਜਵਿੰਦਰ ਸਿੰਘ ਕਲਰਕ ਕਮ ਨਿਗਰਾਨ, ਭਾਈ ਕੁਲਦੀਪ ਸਿੰਘ ਸੇਵਾਦਾਰ ਸੇਵਾਦਲ, ਭਾਈ ਸੁਖਵਿੰਦਰ ਸਿੰਘ ਸੇਵਾਦਾਰ ਸੁਰੱਖਿਆ ਦਸਤਾ ਅਤੇ ਭਾਈ ਰਣਜੀਤ ਸਿੰਘ ਸੇਵਾਦਾਰ ਸੇਵਾਦਲ ਸ਼ਾਮਲ ਹਨ। ਸ. ਰਮਦਾਸ ਅਨੁਸਾਰ ਇਨ੍ਹਾਂ ਮੁਅਤਲ ਕੀਤੇ ਮੁਲਾਜ਼ਮਾਂ ਦੇ ਹੈੱਡ ਕੁਆਰਟਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਬਣਾਏ ਗਏ ਹਨ।