ਅੰਮ੍ਰਿਤਸਰ, 24 ਫਰਵਰੀ- ਉੜੀਸਾ ’ਚ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਕੱਟਕ ਵਿਖੇ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਦੁਖਮਈ ਹੈ, ਜਿਸ ਨਾਲ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਹੈ। ਦੱਸਣਯੋਗ ਹੈ ਕਿ ਲੰਘੀ 22 ਫ਼ਰਵਰੀ ਨੂੰ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਇਕ ਵਿਅਕਤੀ ਫੜ੍ਹਿਆ ਗਿਆ ਹੈ। ਇਸ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈਆਂ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਇਸ ਨੂੰ ਅਫ਼ਸੋਸਨਾਕ ਦੱਸਦਿਆਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਫੜ੍ਹੇ ਗਏ ਦੋਸ਼ੀ ਪਾਸੋਂ ਪੁਲਿਸ ਪ੍ਰਸਾਸਨ ਸਖ਼ਤੀ ਨਾਲ ਪੁਛਗਿਛ ਕਰੇ, ਤਾਂ ਜੋ ਇਸ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਦਾ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਜਿਥੋਂ ਸਰੂਪ ਚੁੱਕਣ ਦੀ ਘਟੀਆ ਕਰਤੂਤ ਕਰਨ ਵਾਲੇ ਲੋਕ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਇਹ ਬੇਹੱਦ ਸੰਜੀਦਾ ਮਾਮਲਾ ਹੈ, ਜਿਸ ਦੀ ਤਹਿ ਪੜਚੋਲਣ ਲਈ ਉੜੀਸਾ ਸਰਕਾਰ ਨੂੰ ਢੁੱਕਵੀਂ ਕਰਵਾਈ ਕਰਨੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।