ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ

ਅੰਮ੍ਰਿਤਸਰ, 24 ਫਰਵਰੀ- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਦੀ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਅਤੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਬਹਿੜਵਾਲ ਵਿਖੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਨਗਰ ਦੀਆਂ ਸੰਗਤਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬਹਿੜਵਾਲ ਵਿਖੇ ਹੋਏ ਇਸ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਉਨ੍ਹਾਂ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿਚ ਸੰਗਤ ਨੂੰ ਬਾਣੀ ਤੇ ਬਾਣੀ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਅਤੇ ਨੌਜੁਆਨਾਂ ਤੇ ਬੱਚਿਆਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਜ਼ੁੰਮੇਵਾਰੀ ਨਿਭਾਉਣ ਲਈ ਮਾਪਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਹੀਰਾ ਸਿੰਘ ਕੋਮਲ ਦੇ ਕਵੀਸ਼ਰੀ ਜਥੇ ਨੇ ਸੰਗਤ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਦਾ ਪ੍ਰਸੰਗ ਸਰਵਣ ਕਰਵਾਇਆ। ਇਸ ਤੋਂ ਇਲਾਵਾ ਭਾਈ ਮਨਵੀਰ ਸਿੰਘ ਪਹੂਵਿੰਡ ਦੇ ਢਾਡੀ ਜਥੇ ਭਾਈ ਚਾਨਣ ਸਿੰਘ ਬੀ.ਏ. ਤੇ ਭਾਈ ਹੀਰਾ ਸਿੰਘ ਵਾਂ ਦੇ ਕਵੀਸ਼ਰੀ ਜਥੇ ਨੇ ਵੀ ਹਾਜ਼ਰੀ ਭਰੀ। ਸਟੇਜ ਦੀ ਸੇਵਾ ਭਾਈ ਗੁਰਲਾਲ ਸਿੰਘ ਪ੍ਰਚਾਰਕ ਨੇ ਨਿਭਾਈ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਅਤੇ ਨਗਰ ਦੀਆਂ ਸਰਪੰਚ ਸ. ਦਲੇਰ ਸਿੰਘ, ਲੰਬਰਦਾਰ ਸ. ਪੰਜਾਬ ਸਿੰਘ ਤੇ ਹੋਰਾਂ ਨੇ ਸਾਂਝੇ ਤੌਰ ’ਤੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਤੇ ਰਾਗੀ, ਢਾਡੀ ਤੇ ਕਵੀਸ਼ਰ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਦੌਰਾਨ 17 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ, ਜਿਸ ਲਈ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਰਸ਼ਨ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਕਸ਼ਮੀਰ ਸਿੰਘ ਸੰਧੂ, ਸ. ਲਖਬੀਰ ਸਿੰਘ ਮੈਨੇਜਰ, ਸ. ਕੁਲਦੀਪ ਸਿੰਘ, ਸ. ਮੁਖਤਾਰ ਸਿੰਘ, ਸ. ਸੁਖਚੈਨ ਸਿੰਘ, ਸ. ਮਿਲਖਾ ਸਿੰਘ ਸਰਪੰਚ, ਸ. ਰਸਾਲ ਸਿੰਘ, ਸ. ਦਲੀਪ ਸਿੰਘ ਫ਼ੌਜੀ, ਸ. ਮੇਜਰ ਸਿੰਘ, ਭਾਈ ਗੁਰਬਚਨ ਸਿੰਘ ਕਲਸੀਆਂ ਆਦਿ ਮੌਜੂਦ ਸਨ।