ਅੰਮ੍ਰਿਤਸਰ, 5 ਸਤੰਬਰ-

ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬਿਧੀ ਚੰਦ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਬਾਬਾ ਅਵਤਾਰ ਸਿੰਘ ਮੁੱਖੀ ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਸੁਰਸਿੰਘ ਵਿਖੇ ਮਨਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਥਾਵਾਚਕ ਗਿਆਨੀ ਜਸਵੰਤ ਸਿੰਘ ਸਮੇਤ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਬਿਧੀ ਚੰਦ ਜੀ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਬਾਬਾ ਬਿਧੀ ਚੰਦ ਜੀ ਨੂੰ ਗੁਰੂ ਸਾਹਿਬ ਨੇ ਆਪ ਬਖਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਅਵਤਾਰ ਸਿੰਘ ਮੁੱਖੀ ਦਲ ਪੰਥ ਬਾਬਾ ਬਿਧੀ ਚੰਦ ਜੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਮੌਜ ਦਾਸ ਮਾੜੀ ਕੰਬੋਕੇ ਸਮੇਤ ਹੋਰ ਸ਼ਖ਼ਸੀਅਤਾਂ ਹਾਜਰ ਸਨ।