ਬਿਲਾਵਲੁ ਮਹਲਾ ੫ ॥
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥ ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥ ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥ ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥ ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥
ਐਤਵਾਰ, ੩ ਜੇਠ (ਸੰਮਤ ੫੪੭ ਨਾਨਕਸ਼ਾਹੀ) ੧੭ ਮਈ ੨੦੧੫ (ਅੰਗ: ੮੧੬)
ਪੰਜਾਬੀ ਵਿਆਖਿਆ:
ਬਿਲਾਵਲੁ ਮਹਲਾ ੫ ॥
(ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ (ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ । ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ।੧। (ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ । (ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ।੧।ਰਹਾਉ। (ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ । (ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ।੨।(ਹੇ ਭਾਈ!) ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ ਉਹ ਵੱਡੇ ਭਾਗਾਂ ਵਾਲੇ ਹਨ । ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ) ।੩।(ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ । ਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ ।੪।੩੧।੬੧।
English Translation :
BILAAVAL, FIFTH MEHL:
Searching, searching, I wander around searching, in the woods and other places. He is undeceivable, imperishable and inscrutable; such is my Lord God. || 1 || When shall I behold my God, and delight my soul? Even better than being awake, is the dream in which I dwell with God. || 1 || Pause || Listening to the Shaastras teaching about the four social classes and the four stages of life, I grow thirsty for the Blessed Vision of the Lord. He has no form or outline, and He is not made of the five elements; our Lord and Master is imperishable. || 2 || How rare are those Saints and great Yogis, who describe the beautiful form of the Lord. Blessed, blessed are they, whom the Lord meets in His Mercy. || 3 || They know that He is deep within, and outside as well; their doubts are dispelled. O Nanak, God meets those, whose karma is perfect. || 4 || 31 || 61 ||
Sunday 3rd Jayt’h (Samvat 547 Nanakshahi) 17th May, 2015 (Page: 816)