** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **
ਅੰਮ੍ਰਿਤਸਰ, 5 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਉੱਚ ਅਦਾਲਤ ਵੱਲੋਂ ਸਿੱਖ ਕਕਾਰ ਕਿਰਪਾਨ ਸਬੰਧੀ ਚੱਲ ਰਹੇ ਇਕ ਕੇਸ ਵਿਚ ਸਿੱਖਾਂ ਦੇ ਹੱਕ ’ਚ ਫੈਸਲਾ ਦੇਣ ਦਾ ਸਵਾਗਤ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਦਾ ਇਕ ਅਹਿਮ ਹਿੱਸਾ ਹੈ, ਜਿਸ ਨੂੰ ਅੰਮ੍ਰਿਤਧਾਰੀ ਸਿੱਖ ਹਮੇਸ਼ਾ ਆਪਣੇ ਅੰਗ ਸੰਗ ਰੱਖਣ ਲਈ ਪਾਬੰਦ ਹਨ। ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ’ਚ ਸਿੱਖਾਂ ਦੀ ਧਾਰਮਿਕ ਅਜ਼ਾਦੀ ਨਾਲ ਜੁੜੇ ਇਸ ਮਸਲੇ ਦਾ ਹੱਲ ਸਿੱਖ ਭਾਵਨਾਵਾਂ ਅਨੁਸਾਰ ਕਰਕੇ ਅਦਾਲਤ ਨੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਇਸ ਮਸਲੇ ’ਤੇ ਜ਼ੋਰਦਾਰ ਪੈਰਵਾਈ ਕਰਨ ਲਈ ਸਿੱਖ ਪਰਿਵਾਰ ਅਤੇ ਆਸਟ੍ਰੇਲੀਆ ਦੀ ਸਿੱਖ ਸੰਗਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਵਿਸ਼ਵ ਭਰ ਵਿਚ ਸਿੱਖਾਂ ਨਾਲ ਸਬੰਧਤ ਮਸਲਿਆਂ ਦੀ ਪੈਰਵਾਈ ਹਰ ਦੇਸ਼ ਦੀਆਂ ਸੰਗਤਾਂ ਜ਼ੋਰਦਾਰ ਢੰਗ ਨਾਲ ਕਰਨਗੀਆਂ।
ਦੱਸਣਯੋਗ ਹੈ ਕਿ ਬੀਤੇ ਸਮੇਂ ਇਕ ਵਿਤਕਰੇ ਭਰੇ ਕਾਨੂੰਨ ਤਹਿਤ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਵੱਲੋਂ ਸਿੱਖ ਵਿਦਿਆਰਥੀਆਂ ਨੂੰ ਸਕੂਲ ਅੰਦਰ ਕਿਰਪਾਨ ਪਹਿਨਣ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਨੂੰ ਆਸਟ੍ਰੇਲੀਆ ਦੀ ਸਿੱਖ ਸੰਗਤ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਇਸ ਮਾਮਲੇ ਵਿਚ ਅਦਾਲਤ ਨੇ ਸਕੂਲ ਅੰਦਰ ਸਿੱਖ ਕਿਰਪਾਨ ’ਤੇ ਬੰਦਸ਼ ਨੂੰ ‘ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ’ ਤਹਿਤ ਗੈਰ ਸੰਵਿਧਾਨਕ ਮੰਨਦਿਆਂ ਰੋਕ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਹੁਣ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੇ ਧਰਮ ਦੇ ਨਿਯਮਾਂ ਅਨੁਸਾਰ ਕਿਰਪਾਨ ਪਹਿਨ ਸਕਣਗੇ।